ਅੰਮਿ੍ਤਸਰ, 4 ਜਨਵਰੀ (ਸੁਰਿੰਦਰ ਕੋਛੜ)-ਕੈਮਿਸਟ ਭਾਈਚਾਰੇ ਨੇ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇਜਬੀਰ ਸਿੰਘ ਮਾਨ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਵਧਾਈ ਵੀ ਦਿੱਤੀ | ਪੰਜਾਬ ਕੈਮਿਸਟ ਐਸੋਸੀਏਸ਼ਨ ਅਤੇ ਹਿਊਮਨ ਰਾਈਟਸ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਮਨਮੋਹਨ ਸਿੰਘ ਨੇ ਤੇਜਬੀਰ ਸਿੰਘ ਮਾਨ ਲਈ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ 'ਚ ਸਫਲਤਾ ਦੀ ਕਾਮਨਾ ਕੀਤੀ | ਉਨ੍ਹਾਂ ਦੇ ਨਾਲ ਵਿਸ਼ਾਲ ਦੇਵਰਾਜ, ਅਨੂਪ ਕੁਮਾਰ ਬਿੱਟਾ, ਮਨਿੰਦਰ ਦੱਤਾ, ਰਾਜੂ ਲਖਨਪਾਲ ਅਤੇ ਸ਼ਿਵਪਾਲ ਸਲੂਜਾ ਵੀ ਹਾਜ਼ਰ ਸਨ | ਇਸ ਮੌਕੇ ਮਨਮੋਹਨ ਸਿੰਘ ਅਤੇ ਵਿਸ਼ਾਲ ਦੇਵਰਾਜ ਨੇ ਆਮ ਲੋਕਾਂ ਅਤੇ ਪੰਛੀਆਂ ਲਈ ਘਾਤਕ ਬਣ ਚੁਕੀ ਪਾਬੰਦੀਸ਼ੁਦਾ ਸਿੰਥੈਟਿਕ ਚਾਈਨਾ ਡੋਰ ਦੀ ਖ਼ਰੀਦੋ-ਫ਼ਰੋਖ਼ਤ ਅਤੇ ਇਸ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਅਪੀਲ ਕਰਦਿਆਂ ਕਿਹਾ ਕਿ ਚਾਈਨਾ ਡੋਰ ਵੇਚਣ ਤੇ ਖ਼ਰੀਦਣ ਵਾਲਿਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਜਾਵੇ | ਉਨ੍ਹਾਂ ਨੇ ਕਿਹਾ ਕਿ ਪਤੰਗ ਉਡਾਉਣ ਲਈ ਸਿੰਥੈਟਿਕ ਧਾਗੇ ਦੀ ਵਰਤੋਂ 'ਤੇ ਨਾ ਸਿਰਫ਼ ਭਾਰਤੀ ਨਿਆਂ ਸੰਹਿਤਾ ਦੇ ਤਹਿਤ ਪਾਬੰਦੀ ਹੈ, ਸਗੋਂ ਜੰਗਲੀ ਜੀਵ ਸੁਰੱਖਿਆ ਕਾਨੂੰਨ ਅਤੇ ਵਾਤਾਵਰਨ ਸੁਰੱਖਿਆ ਕਾਨੂੰਨ ਦੇ ਤਹਿਤ ਵੀ ਮਨਾਹੀ ਹੈ | ਇਸ ਦੇ ਬਾਵਜੂਦ ਮੀਡੀਆ ਰਿਪੋਰਟਾਂ 'ਚ ਲਗਭਗ ਰੋਜ਼ਾਨਾ ਇਸ ਡੋਰ ਨਾਲ ਲੋਕਾਂ ਦੇ ਗੰਭੀਰ ਜ਼ਖ਼ਮੀ ਹੋਣ ਦੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ ਅਤੇ ਇਹ ਸਿੰਥੈਟਿਕ ਧਾਗਾ ਪੰਛੀਆਂ ਅਤੇ ਜਾਨਵਰਾਂ ਲਈ ਵੀ ਗੰਭੀਰ ਖ਼ਤਰਾ ਬਣ ਰਿਹਾ ਹੈ |