ਅੰਮਿ੍ਤਸਰ, 6 ਜਨਵਰੀ (ਜਸਵੰਤ ਸਿੰਘ ਜੱਸ)-ਕੇਸ ਸੰਭਾਲ ਪ੍ਰਚਾਰ ਸੰਸਥਾ ਦੀ ਅੰਮਿ੍ਤਸਰ ਇਕਾਈ ਦੀ ਸੰਸਥਾ ਦੇ ਚੇਅਰਮੈਨ ਤੇ ਸਿੱਖ ਚਿੰਤਕ ਸ: ਸੁਰਿੰਦਰਜੀਤ ਸਿੰਘ ਪਾਲ ਦੀ ਅਗਵਾਈ ਵਿਚ ਹੋਈ ਵਿਸ਼ੇਸ਼ ਇਕੱਤਰਤਾ ਦੌਰਾਨ ਸੰਸਥਾ ਦੁਆਰਾ ਬਣਾਏ ਗਏ ਐਜੂਕੇਸ਼ਨ ਫੰਡ ਨੂੰ ਤੁਰੰਤ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਸਹਾਇਤਾ ਕਰਨ ਹਿਤ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਸ: ਪਾਲ ਨੇ ਦੱਸਿਆ ਕਿ ਇਸ ਸਾਲ ਮਾਰਚ-ਅਪ੍ਰੈਲ 2026 ਵਿਚ ਜੋ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ ਹੋਵੇਗਾ, ਉਸ ਦੌਰਾਨ ਲੋੜਵੰਦ ਬੱਚਿਆਂ ਦੀ ਮਦਦ ਸ਼ੁਰੂ ਕੀਤੀ ਜਾਵੇਗੀ | ਇਸ ਮੌਕੇ ਉਨ੍ਹਾਂ ਦੱਸਿਆ ਕਿ ਲੋੜਵੰਦ ਬੱਚਿਆਂ ਦੇ ਪਰਿਵਾਰਕ ਮੈਂਬਰ ਸੰਸਥਾ ਵਲੋਂ ਫੰਡ ਪ੍ਰਾਪਤੀ ਲਈ ਤਿਆਰ ਕੀਤੇ ਬਿਨੈ ਪੱਤਰ ਨੂੰ ਭਰ ਕੇ 123, ਮੈਡੀਕਲ ਇਨਕਲੇਵ, ਅੰਮਿ੍ਤਸਰ ਦੇ ਪਤੇ 'ਤੇ 31 ਜਨਵਰੀ ਤੱਕ ਭੇਜ ਸਕਦੇ ਹਨ | ਇਸ ਇਕੱਤਰਤਾ ਦੌਰਾਨ ਡਾ. ਜਸਵਿੰਦਰ ਸਿੰਘ ਢਿੱਲੋਂ ਸਾਬਕਾ ਵਾਈਸ ਚਾਂਸਲਰ ਤੇ ਇਕਬਾਲ ਸਿੰਘ ਲਾਲਪੁਰਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ ਵੀ ਸ. ਪਾਲ ਦੇ ਗ੍ਰਹਿ ਵਿਖੇ ਉਨ੍ਹਾਂ ਨੂੰ ਮਿਲਣ ਲਈ ਪੁੱਜੇ | ਸ: ਲਾਲਪੁਰਾ ਨੇ ਸੰਸਥਾ ਦੀਆਂ ਗਤੀਵਿਧੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਕੌਮ ਦਾ ਕੋਈ ਵੀ ਬੱਚਾ ਵਿੱਦਿਆ ਤੋਂ ਵਾਂਝਾ ਨਾ ਰਹੇ | ਇਸ ਮੌਕੇ 'ਤੇ ਸੰਸਥਾ ਵਲੋਂ ਉਨ੍ਹਾਂ ਨੂੰ ਸ਼ਾਲ ਭੇਟ ਕਰਕੇ ਸਵਾਗਤ ਕਰਨ ਦੇ ਨਾਲ ਨਾਲ ਚੇਅਰਮੈਨ ਪਾਲ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਗਰੇਜ਼ੀ ਵਿਚ ਕੀਤੀ ਹੋਈ ਵਿਆਖਿਆ ਦਾ ਪਹਿਲਾ ਭਾਗ ਪੁਸਤਕ ਵੀ ਉਨ੍ਹਾਂ ਨੂੰ ਭੇਟ ਕੀਤੀ | ਇਸ ਮੌਕੇ ਜੱਜਬੀਰ ਸਿੰਘ ਟਰੱਸਟੀ, ਰਾਜਿੰਦਰ ਸਿੰਘ ਮਰਵਾਹਾ ਤੇ ਹਰਪਾਲ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਸੰਸਥਾ ਵਲੋਂ ਪਿਛਲੇ 28 ਸਾਲਾਂ ਤੋਂ ਸਿੱਖ ਬੱਚੇ ਤੇ ਬੱਚੀਆਂ ਦੀ ਸ਼ਖ਼ਸੀਅਤ ਦੇ ਪੂਰਨ ਵਿਕਾਸ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾ ਚੁੱਕੇ ਹਨ ਜਿਨ੍ਹਾਂ ਵਿਚ ਧਾਰਮਿਕ ਕੈਂਪ, ਸਖਸ਼ੀਅਤ ਵਿਕਾਸ ਕੈਂਪ, ਸੈਮੀਨਾਰ, ਲੇਖ ਮੁਕਾਬਲੇ, ਦਸਤਾਰ ਸਜਾਉਣ ਮੁਕਾਬਲੇ ਅਤੇ 'ਸਾਗਾ' ਪ੍ਰੋਗਰਾਮ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਜੋ 25ਵਾਂ 'ਸਾਗਾ' ਮੁਕਾਬਲਾ ਕਰਵਾਇਆ ਗਿਆ ਸੀ, ਇਹ ਸਾਬਤ ਕਰਦਾ ਹੈ ਕਿ ਕਿਸ ਤਰ੍ਹਾਂ ਬੱਚੇ ਇਸ ਪ੍ਰੋਗਰਾਮ ਵਿਚ ਹਿੱਸਾ ਲੈ ਕੇ ਖੁਸ਼ ਤੇ ਉਤਸ਼ਾਹਿਤ ਹੁੰਦੇ ਹਨ | ਇਸ ਇਕੱਤਰਤਾ ਵਿਚ ਪ੍ਰਸਿੱਧ ਚਿੱਤਰਕਾਰ ਕੁਲਵੰਤ ਸਿੰਘ ਗਿੱਲ, ਅਰੁਣਦੀਪ ਸਿੰਘ, ਪ੍ਰੋ. ਦਰਸ਼ਨ ਸਿੰਘ ਸੰਧੂ, ਗੁਰਪ੍ਰੀਤ ਸਿੰਘ ਕਲਕੱਤਾ, ਗੁਰਪਿੰਦਰ ਸਿੰਘ ਅਤੇ ਬੀਬਾ ਵਿਪਨਪ੍ਰੀਤ ਕੌਰ ਵੀ ਸ਼ਾਮਿਲ ਸਨ |