ਬਾਬਾ ਬਕਾਲਾ ਸਾਹਿਬ, 6 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਅਨਿੰਨ ਸੇਵਕ ਜਥੇਦਾਰ ਬਾਬਾ ਫੌਜਾ ਸਿੰਘ ਦੀ ਸਾਲਾਨਾ ਬਰਸੀ ਦੇ ਸੰਬੰਧ ਵਿਚ ਦੂਸਰਾ ਗੋਲਡ ਕਬੱਡੀ ਕੱਪ ਗੁਰਦੁਆਰਾ ਮਹੱਲਗੜ੍ਹ ਸਾਹਿਬ ਵਿਖੇ ਮਿਤੀ 9 ਜਨਵਰੀ ਨੂੰ ਕਰਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਵਰਨ ਸਿੰਘ ਭੁੱਲਰ, ਸੁਰਜੀਤ ਸਿੰਘ ਭੁੱਲਰ ਅਤੇ ਬਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ, ਉਪਰੰਤ ਭਾਰੀ ਧਾਰਮਿਕ ਦੀਵਾਨ ਸੱਜਣਗੇ, ਜਿਸ ਵਿਚ ਪ੍ਰਸਿੱਧ ਰਾਗੀ-ਢਾਡੀ-ਪ੍ਰਚਾਰਕ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ | ਉਪਰੰਤ 4 ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਹੋਣਗੇ, ਜਿਸ ਵਿਚ ਪਹਿਲਾ ਇਨਾਮ ਸਵਾ ਲੱਖ, ਦੂਜਾ ਇਨਾਮ ਇਕ ਲੱਖ, ਫਾਈਨਲ ਦੇ ਬੈਸਟਾਂ ਨੂੰ ਬੁਲਟ ਮੋਟਰ ਸਾਈਕਲ, ਸੈਮੀਫਾਈਨਲ ਦੇ ਬੈਸਟਾਂ ਨੂੰ ਐੱਲ. ਈ. ਡੀ. ਦਿੱਤੀ ਜਾਵੇਗੀ | ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਅਤੇ ਸੰਤ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਸ੍ਰੀ ਆਨੰਦਪੁਰ ਸਾਹਿਬ ਵਾਲੇ ਕਰਨਗੇ |