ਅੰਮਿ੍ਤਸਰ, 23 ਜਨਵਰੀ (ਹਰਮਿੰਦਰ ਸਿੰਘ)- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਗੈਂਗਸਟਰਾਂ ਦੇ ਖ਼ਿਲਾਫ਼ ਕਾਰਵਾਈ ਸੰਬੰਧੀ ਕੀਤੀਆਂ ਹਦਾਇਤਾਂ 'ਤੇ ਅਮਲ ਕਰਦੇ ਹੋਏ ਜ਼ਿਲ੍ਹਾ ਪੁਲਿਸ ਵਲੋਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਸ਼ਹਿਰ ਵਿਚ ਸਮਾਜ ਵਿਰੋਧੀ ਅਨਸਰਾਂ ਦੀ ਪਹਿਚਾਣ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ | ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸ਼ਹਿਰ ਦੇ ਅਹਿਮ ਇਲਾਕਿਆ 'ਚ ਵਿਸ਼ੇਸ਼ ਚੈਕਿੰਗ ਦੌਰਾਨ ਕਿਰਾਏਦਾਰਾਂ ਦੇ ਤਸਦੀਕ ਦਸਤਾਵੇਜ਼ਾ ਦੀ ਪੜਤਾਲ ਕੀਤੀ ਗਈ | ਇਸ ਕੰਮ ਲਈ ਕਮਿਸ਼ਨਰ ਪੁਲਿਸ ਵਲੋਂ 43 ਪੁਲਿਸ ਪਾਰਟੀਆਂ ਤਾਇਨਾਤ ਕੀਤੀ ਗਈਆ ਜਿਨ੍ਹਾਂ ਵਲੋਂ ਸ਼ਹਿਰ ਦੇ 33 ਅਹਿਮ ਇਲਾਕਿਆਂ ਦੀ ਜਾਂਚ ਕੀਤੀ 364 ਵਿਅਕਤੀਆਂ ਦੀ ਜਾਂਚ ਕੀਤੀ ਜਿਸ ਦੌਰਾਨ ਮੌਕੇ 'ਤੇ ਹੀ 330 ਕਿਰਾਏਦਾਰਾਂ ਦੇ ਦਸਤਾਵੇਜਾਂ ਦੀ ਤਸਦੀਕ ਕੀਤੀ ਗਈ | ਇਸ ਦੌਰਾਨ 34 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਤੇ ਕਾਨੂੰਨ ਅਨੁਸਾਰ ਇਕ ਪਰਚਾ ਦਰਜ ਕੀਤਾ ਗਿਆ | ਇਸ ਦੌਰਾਨ 3 ਚਾਈਨਾ ਡੋਰ ਗੱਟੂ, 33 ਵਾਹਨਾ ਨੂੰ ਜਬਤ ਕੀਤਾ ਗਿਆ ਤੇ 109 ਦੇ ਟਰੈਫਿਕ ਚਲਾਨ ਕੀਤੇ ਗਏ | ਪੁਲਿਸ ਵਲੋਂ ਅੱਜ ਦੀ ਕਾਰਵਾਈ ਗੁਦਾਮ ਮੁਹੱਲਾ, ਫਤਹਿ ਸਿੰਘ ਕਾਲੋਨੀ, ਗੁੱਜਰਪੁਰਾ, ਨਗਰ ਨਿਗਮ ਕਾਲੋਨੀ, ਮੋਹਿਨੀ ਪਾਰਕ, ਕਬੀਰ ਪਾਰਕ, ਖਾਲਸਾ ਨਗਰ, ਪੰਡੋਰਾ, ਗੁਰੂ ਕੀ ਵਡਾਲੀ, ਕੈਂਟ ਇਲਾਕਾ, ਖਾਲਸਾ ਕਾਲਜ ਦੇ ਨੇੜੇ, ਪਾਮ ਗਰੋਵਜ, ਰਾਣੀ ਕਾ ਬਾਗ਼, ਯਾਸੀਨ ਰੋਡ ਅਤੇ ਗਰੀਨ ਐਵੀਨਿਊ ਸ਼ਾਮਿਲ ਹਨ | ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਤਿੰਨਾਂ ਦੀ ਕਾਰਵਾਈ ਦੌਰਾਨ ਜ਼ਿਲ੍ਹਾ ਪੁਲਿਸ ਵਲੋਂ 324 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ ਜਿਨ੍ਹਾਂ ਕੋਲੋਂ 6 ਅਧੁਨਿਕ ਪਿਸਤੌਲ, 5 ਮੈਗਜ਼ੀਨ, 36 ਜਿੰਦਾ ਕਾਰਤੂਸ 9 ਐੱਮ. ਐੱਮ., 25 ਮੋਬਾਈਲ ਫੋਨ, ਇਕ ਚਾਕੂ, ਇਕ ਮੋਟਰ ਸਾਈਕਲ ਤੇ 46 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗਣਤੰਤਰ ਦਿਵਸ ਨੂੰ ਧਿਆਨ ਵਿਚ ਰੱਖਦੇ ਹੋਏ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜਿਨ੍ਹਾਂ 'ਚ ਸੀ. ਆਈ. ਏ. ਸਟਾਫ ਦੀਆਂ ਟੀਮਾਂ, ਸਮਰਪਿਤ ਫਲਾਇੰਗ ਸਕੂਐਡ ਦੇ ਰੂਪ 'ਚ 1200 ਕਰਮਚਾਰੀ ਤਾਇਨਾਤ ਕੀਤੇ ਗਏ ਹਨ | ਇਸ ਦੇ ਨਾਲ ਹੀ ਸਮਾਜ ਵਿਰੋਧੀ ਅਨਸਰਾਂ 'ਤੇ ਨਜ਼ਰ ਰੱਖਣ ਤੇ ਅਪਰਾਧੀਆਂ ਨੂੰ ਫੜ੍ਹਣ ਲਈ ਪੁਲਿਸ ਵਲੋਂ ਸ਼ਹਿਰ ਦੇ ਬਹੁਤ ਸਾਰੇ ਹਿੱਸਿਆ 'ਚ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ ਤੇ ਜੋ ਥਾਵਾਂ ਰਹਿ ਗਈਆਂ ਹਨ ਉਥੇ ਵੀ ਕੈਮਰੇ ਲਗਾਏ ਜਾ ਰਹੇ ਹਨ |