ਅੰਮਿ੍ਤਸਰ, 28 ਜਨਵਰੀ (ਹਰਮਿੰਦਰ ਸਿੰਘ)-ਫ਼ੋਕਲੋਰ ਰਿਸਰਚ ਅਕਾਦਮੀ ਅੰਮਿ੍ਤਸਰ ਅਤੇ ਹਿੰਦ-ਪਾਕਿ ਦੋਸਤੀ ਮੰਚ ਨੇ ਵਿਸ਼ੇਸ਼ ਮੀਟਿੰਗ 'ਚ ਨਾਮਵਰ ਪੱਤਰਕਾਰ 'ਤੇ ਲੇਖਕ ਮਾਰਕ ਤੁਲੀ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਸੰਬੰਧ ਵਿਚ ਫ਼ੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਹਿੰਦ-ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ ਅਤੇ ਮੈਂਬਰ ਰਜਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਮਾਰਕ ਤੁਲੀ ਦਾ ਜਨਮ 1935 ਵਿਚ ਕਲਕੱਤਾ ਵਿਖੇੇ ਹੋਇਆ ਸੀ | ਉਹ 22 ਸਾਲ ਤੱਕ ਬੀ. ਬੀ. ਸੀ. ਦਿੱਲੀ ਦੇ ਚੀਫ਼ ਬਿਊਰੋ ਦੇ ਅਹੁੱਦੇ 'ਤੇ ਰਹੇ | 1994 ਤੋਂ ਉਹ ਸੁਤੰਤਰ ਪੱਤਰਕਾਰ 'ਤੇ ਪ੍ਰਸਾਰਕ ਦੇ ਤੌਰ 'ਤੇ ਕੰਮ ਕਰ ਰਹੇ ਸਨ | ਉਹ ਇਕ ਨਿੱਡਰ ਤੇ ਸੂਝਵਾਨ ਪੱਤਰਕਾਰ ਸਨ ਤੇ ਹਮੇਸ਼ਾ ਸੱਚੀ-ਸੁੱਚੀ ਤੇ ਬੇਖੌਫ਼ ਪੱਤਰਕਾਰੀ ਕਰਦੇ ਸਨ | ਉਨ੍ਹਾਂ ਨੇ 1971 ਵਿਚ ਬੰਗਲਾਦੇਸ਼ ਦੀ ਮੁਕਤੀ-ਜੰਗ, 1975-77 ਭਾਰਤ ਵਿਚ ਐਮਰਜੈਂਸੀ ਦੇ ਕਾਲ, 1979 ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜੁਲਫ਼ੀਕਾਰ ਅਲੀ ਦੀ ਫਾਂਸੀ ਬਾਰੇ, 1984 ਵਿਚ ਆਪਰੇਸ਼ਨ ਬਲਿਊ ਸਟਾਰ ਤੇ ਸਿੱਖ ਕਤਲੇਆਮ, 1992 ਵਿਚ ਬਾਬਰੀ ਮਸਜ਼ਿਦ ਢਾਹੁਣ ਵਾਲਾ ਕਾਂਡ, 2002 ਵਿਚ ਗੁਜਰਾਤ ਦੰਗੇ ਦੀ ਪੂਰੀ ਇਮਾਨਦਾਰੀ ਤੇ ਦਲੇਰੀ ਨਾਲ ਕਵਰੇਜ ਕੀਤੀ | ਉਨ੍ਹਾਂ ਨੇ ਕੁਝ ਕਿਤਾਬਾਂ ਵੀ ਲਿਖਿਆਂ ਜਿਨ੍ਹਾਂ ਵਿਚ 'ਮਿਸਿਜ਼ ਗਾਂਧੀ ਜ਼ ਲਾਸਟ ਬੈਟਲ', ਇੰਡੀਆ ਇਨ ਸਲੋ ਮੋਸ਼ਨ, ਦਾ ਹਾਰਟ ਆਫ਼ ਇੰਡੀਆ ਸ਼ਾਮਿਲ ਹਨ | ਭਾਰਤ ਸਰਕਾਰ ਨੇ ਉਨ੍ਹਾਂ ਨੂੰ 2005 ਵਿਚ 'ਪਦਮ ਭੂਸ਼ਣ' ਨਾਲ ਸਨਮਾਨਿਤ ਕੀਤਾ | ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਦੱਸਿਆ ਕਿ ਮਾਰਕ ਤੁਲੀ ਫ਼ੋਕਲੋਰ ਰਿਸਰਚ ਅਕਾਦਮੀ ਅੰਮਿ੍ਤਸਰ ਨਾਲ ਵੀ ਜੁੜੇ ਹੋਏ ਸਨ | 2011 ਵਿਚ ਉਹ ਅਕਾਦਮੀ ਮੈਂਬਰਾਂ ਦੇ ਵਫ਼ਦ ਨਾਲ ਆਗਰਾ ਵਿਖੇ 'ਸ਼ਾਂਤੀ ਵਾਰਤਾ' ਵਿੱਓ ਵੀ ਸ਼ਾਮਿਲ ਹੋਏ ਸਨ | 2016 ਵਿਚ ਅੰਮਿ੍ਤਸਰ ਵਿਖੇ ਹਿੰਦ-ਪਾਕਿ ਦੋਸਤੀ ਸੰਮੇਲਨ 'ਚ ਹਿਸਾ ਲਿਆ ਤੇ ਦਰਮਿਆਨੀ ਰਾਤ ਅਟਾਰੀ-ਵਾਹਗਾ ਸਰਹੱਦ 'ਤੇ ਮੋਮਬੱਤੀ ਜਗਾ ਕੇ 1947 ਵਿਚ ਮਾਰੇ ਗਏ 10 ਲੱਖ ਪੰਜਾਬੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ | ਫ਼ੋਕਲੋਰ ਰਿਸਰਚ ਅਕਾਦਮੀ ਅਤੇ ਹਿੰਦ-ਪਾਕਿ ਦੋਸਤੀ ਮੰਚ ਦੇ ਮੈਂਬਰ ਸਤੀਸ਼ ਝੀਂਗਣ, ਹਰਜੀਤ ਸਿੰਘ ਸਰਕਾਰੀਆ, ਦਿਲਬਾਗ ਸਿੰਘ ਸਰਕਾਰੀਆ, ਐਸ. ਪ੍ਰਸ਼ੋਤਮ, ਓਾਕਾਰ ਸਿੰਘ, ਜਸਵੰਤ ਸਿੰਘ ਰੰਧਾਵਾ, ਗੁਰਜਿੰਦਰ ਸਿੰਘ ਬਘਿਆੜੀ, ਕਮਲ ਗਿੱਲ, ਕਰਮਜੀਤ ਕੌਰ ਜੱਸਲ, ਹਰਜਿੰਦਰ ਕੌਰ ਕੰਗ, ਮਨਜੀਤ ਸਿੰਘ ਧਾਲੀਵਾਲ, ਪ੍ਰਭਜੋਤ ਕੌਰ, ਜਗਰੂਪ ਸਿੰਘ ਐਮਾ, ਗੁਰਪ੍ਰੀਤ ਸਿੰਘ ਕੱਦਗਿਲ, ਹਰੀਸ਼ ਸਾਬਰੀ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ |