ਅੰਮਿ੍ਤਸਰ, 28 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਕੱਢਿਆ, ਪਿੰਡਾਂ ਤੋਂ ਸ਼ੁਰੂ ਹੋ ਕੇ ਤਹਿਸੀਲ ਅੰਮਿ੍ਤਸਰ ਤੋਂ ਹੁੰਦਾ ਹੋਇਆ ਰਣਜੀਤ ਐਵੀਨਿਊ ਦੁਸਹਿਰਾ ਗਰਾਊਾਡ ਵਿਖੇ ਸਮਾਪਤ ਕੀਤਾ ਗਿਆ | ਮਾਰਚ 'ਚ ਸੈਂਕੜੇ ਕਿਸਾਨਾਂ ਨੇ ਟਰੈਕਟਰਾਂ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਪ੍ਰਧਾਨ ਡਾ. ਪਰਮਿੰਦਰ ਸਿੰਘ ਪੰਡੋਰੀ ਵੜੈਚ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਬਿਜਲੀ ਸੋਧ ਬਿੱਲ, ਬੀਜ ਬਿੱਲ ਅਤੇ ਚਾਰ ਕਿਰਤ ਕੋਰਡ, ਮਨਰੇਗਾ ਐਕਟ ਹੀ ਬਦਲ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਾਰੇ ਮਹਿਕਮਿਆਂ ਦਾ ਨਿੱਜੀਕਰਨ ਅਤੇ ਕੇਂਦਰੀਕਰਨ ਕਰਨ ਦੇ ਰਾਹ ਪਈ ਹੋਈ ਹੈ | ਉਨ੍ਹਾਂ ਕਿਹਾ ਜੇਕਰ ਬਿਜਲੀ ਐਕਟ ਲਾਗੂ ਹੁੰਦਾ ਹੈ ਤਾਂ ਬਿਜਲੀ ਦੀ ਸਪਲਾਈ ਪ੍ਰਾਈਵੇਟ ਕੰਪਨੀਆਂ ਕਰਨਗੀਆਂ ਤੇ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ, ਇਸ ਤੋਂ ਇਲਾਵਾ ਬੀਜ ਬਿੱਲ 2025 ਅਤੇ ਕਰ ਮੁਕਤ ਵਪਾਰ ਸਮਝੌਤੇ ਵੀ ਖੇਤੀ ਖੇਤਰ ਨੂੰ ਤਬਾਹ ਕਰਨ ਦੀ ਸਾਜ਼ਿਸ਼ ਹਨ, ਜੇ ਬੀਜ ਐਕਟ ਆਉਂਦਾ ਤਾਂ ਖੇਤੀ ਤੇ ਮੁਕੰਮਲ ਨਿਯੰਤਰਣ ਵੱਡੀਆ ਕੰਪਨੀਆਂ ਦਾ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਚਾਰ ਲੇਬਰ ਕੋਡ ਕਾਨੂੰਨਾਂ ਰਾਹੀਂ ਸਸਤੀ ਲੇਬਰ ਕਾਰਪੋਰੇਟ ਕੰਪਨੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ, ਜਿਸ ਨਾਲ ਫ਼ੈਕਟਰੀ, ਦੁਕਾਨ ਤੋਂ ਇਲਾਵਾ ਹੋਰ ਅਦਾਰਿਆਂ 'ਤੇ ਕੰਮ ਕਰਦੇ ਮੁਲਾਜਮਾਂ ਦੇ ਹੱਕ ਹਕੂਕ ਕੁਚਲਣ ਦਾ ਕੰਮ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਆਉਂਦੇ ਸਮੇਂ ਦੌਰਾਨ ਵੱਡਾ ਅੰਦੋਲਨ ਹੋਵੇਗਾ | ਇਸ ਮੌਕੇ ਕੁਲਬੀਰ ਸਿੰਘ ਜੇਠੂਵਾਲ, ਸਤਨਾਮ ਸਿੰਘ ਭਕਨਾ, ਬਲਵੰਤ ਸਿੰਘ ਤਾਜੇਚੱਕ, ਅਜੀਤਪਾਲ, ਰਾਣਾ ਫਤਹਿਗੜ੍ਹ ਸ਼ੁਕਰਚੱਕ, ਇੰਦਰਜੀਤ ਸਿੰਘ ਭਕਨਾ, ਲਖਵਿੰਦਰ ਮੂਧਲ, ਗਿਆਨ ਸਿੰਘ ਕੰਦੋਵਾਲੀ, ਪਰਗਟ ਜਹਾਂਗੀਰ, ਬਲਵਿੰਦਰ ਮੀਰਾਂਕੋਟ, ਨੂਰ ਸਿੰਘ ਪਠਾਨਨੰਗਲ, ਅਨਮੋਲ ਸਿੰਘ ਕੰਦੋਵਾਲੀ, ਬਲਦੇਵ ਸਿੰਘ ਮਾਛੀਨੰਗਲ, ਸੁਖਜਿੰਦਰ ਸਿੰਘ ਸਾਂਘਣਾ, ਨਿਰਵੈਰ ਸਿੰਘ ਪਠਾਨ ਨੰਗਲ, ਸੁਖਜਿੰਦਰ ਸਿੰਘ ਸਾਂਘਣਾ ਆਦਿ ਹਾਜ਼ਰ ਸਨ |