ਅੰਮਿ੍ਤਸਰ, 28 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਨਾਏ ਗਏ 77ਵੇਂ ਗਣਤੰਤਰ ਦਿਵਸ ਮੌਕੇ ਸਿੱਖਿਆ ਦੇ ਖੇਤਰ 'ਚ ਸ੍ਰ੍ਰੇਸ਼ਠ ਸੇਵਾਵਾਂ ਲਈ ਰੈਕੋਗਨਾਇਜ਼ਡ ਤੇ ਐਫਿਲੀਏਟਿਡ ਸਕੂਲ ਐਸੋਸੀਏਸ਼ਨ (ਰਜਿ:) ਰਾਸਾ ਪੰਜਾਬ, ਅੰਮਿ੍ਤਸਰ ਯੂਨਿਟ ਦੇ 7 ਸਕੂਲ ਪਿ੍ੰਸੀਪਲ/ਹੈਡਮਾਸਟਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਵਿਧਾਇਕ ਜਸਬੀਰ ਸਿੰਘ ਸੰਧੂ ਤੋਂ ਇਲਾਵਾ ਏ. ਡੀ. ਜੀ. ਪੀ. ਆਰ. ਐੱਸ. ਜਸਵਾਲ, ਡਿਪਟੀ ਕਮਿਸ਼ਨਰ ਦਲਵਿੰਦਰ ਸਿੰਘ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਹੋਰ ਪ੍ਰਮੁੱਖ ਅਧਿਕਾਰੀ ਵੀ ਮੌਜੂਦ ਸਨ | ਇਸ ਦੌਰਾਨ ਸਿੱਖਿਆ ਦੇ ਖੇਤਰ 'ਚ ਯੋਗਦਾਨ ਪਾਉਣ ਲਈ ਰੂਪਾ ਸ਼ਰਮਾ, ਹੈਡਮਿਸਟ੍ਰੈੱਸ ਐੱਸ. ਕੇ. ਹਾਈ ਸਕੂਲ, ਸਲੀਲ ਸਾਗਰ ਅਰੋੜਾ, ਹੈਡਮਾਸਟਰ ਸੈਕਰਡ ਟੱਚ ਪਬਲਿਕ ਸਕੂਲ, ਸਮੀਰ ਭਾਟੀਆ ਹੈੱਡਮਾਸਟਰ ਟੈਗੋਰ ਮਾਡਲ ਸਕੂਲ, ਅਰੁਣ ਮਾਨਸੋਤਰਾ, ਹੈੱਡਮਾਸਟਰ ਅਰੁਣ ਜੋਤੀ ਸੈਨਿਕ ਹਾਈ ਸਕੂਲ, ਸੁਸ਼ੀਲ ਅਗਰਵਾਲ ਪਿ੍ੰਸੀਪਲ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ, ਭਵਨੀਤ ਕੌਰ ਹੈਡਮਿਸਟ੍ਰੈੱਸ ਰੋਜ਼ੀ ਮਾਡਰਨ ਹਾਈ ਸਕੂਲ, ਯਾਦਵਿੰਦਰ ਸਿੰਘ, ਹੈੱਡਮਾਸਟਰ ਯਦਵਿੰਦਰਾ ਪਬਲਿਕ ਹਾਈ ਸਕੂਲ ਨੂੰ ਉਕਤ ਸ਼ਖਸੀਅਤਾਂ ਵਲੋਂ ਸਨਮਾਨਿਤ ਕੀਤਾ | ਇਸ ਮੌਕੇ ਰਾਸਾ ਪੰਜਾਬ ਦੇ ਜਨਰਲ ਸਕੱਤਰ ਸੁਜੀਤ ਕੁਮਾਰ ਸ਼ਰਮਾ ਅਤੇ ਰਾਸਾ ਪੰਜਾਬ ਦੇ ਮੁੱਖ ਸਲਾਹਕਾਰ ਜਗਜੀਤ ਸਿੰਘ ਨੇ ਅੰਮਿ੍ਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਰਾਸਾ ਨਾਲ ਜੁੜੇ ਸਕੂਲ ਹਮੇਸ਼ਾ ਗੁਣਵੱਤਾਪੂਰਨ ਅਤੇ ਸਸਤੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਰਹੇ ਹਨ | ਸੁਜੀਤ ਕੁਮਾਰ ਸ਼ਰਮਾ ਨੇ ਦੱਸਿਆ ਕਿ ਰਾਸਾ 1994 ਤੋਂ ਸਿੱਖਿਆ ਦੇ ਖੇਤਰ 'ਚ ਅਹਿਮ ਭੂਮਿਕਾ ਨਿਭਾਅ ਰਹੀ ਹੈ ਅਤੇ ਸਿੱਖਿਆ ਨਾਲ ਜੁੜੇ ਸਾਰੇ ਹਿੱਸੇਦਾਰਾਂ ਦੇ ਹੱਕਾਂ ਲਈ ਸਦਾ ਖੜ੍ਹੀ ਰਹੀ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਵੀ ਰਾਸਾ ਸਿੱਖਿਆ ਦੀ ਇਸ ਜੋਤ ਨੂੰ ਅੱਗੇ ਵਧਾਉਂਦੀ ਰਹੇਗੀ |