ਅੰਮਿ੍ਤਸਰ, 28 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਵਲੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਮੁਲਾਜ਼ਮ ਮਾਮਲਿਆਂ ਸੰਬੰਧੀ ਸਬ ਕਮੇਟੀ ਮੈਂਬਰ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੂੰ ਸਰਕਟ ਹਾਊਸ ਵਿਖੇ ਰੋਸ ਪੱਤਰ ਦਿੱਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕਿ ਮੀਟਿੰਗ 'ਚ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਲਾਗੂ ਕਰਨ, ਡੀ. ਏ. ਦੀਆਂ ਬਕਾਇਆ ਕਿਸ਼ਤਾਂ ਦੇਣ ਸੰਬੰਧੀ ਚਰਚਾ ਕੀਤੀ ਗਈ | ਆਗੂਆਂ ਨੇ ਦੱਸਿਆ ਇਸ ਦੌਰਾਨ ਪੁਰਾਣੀ ਪੈਨਸ਼ਨ ਸੰਬੰਧੀ ਧਾਲੀਵਾਲ ਨੇ ਕਿ ਕੁਝ ਤਕਨੀਕੀ ਅੜਚਨਾਂ ਤੇ ਕੇਂਦਰ ਸਰਕਾਰੀ ਦੀ ਦਖਲਅੰਦਾਜ਼ੀ ਦਾ ਹਵਾਲਾ ਦਿੱਤਾ ਹੈ | ਆਗੂਆਂ ਗੱਲਬਾਤ ਦੌਰਾਨ 1972 ਦੇ ਨਿਯਮਾਂ ਅਨੁਸਾਰ ਪੁਰਾਣੀ ਪੈਨਸ਼ਨ ਲਾਗੂ ਕਰਨ 'ਤੇ ਮੁਲਾਜ਼ਮਾਂ ਦੇ ਜੀ. ਪੀ. ਫੰਡ ਖਾਤੇ ਖੋਲ੍ਹਣ ਸੰਬੰਧੀ ਪੱਤਰ ਜਲਦ ਜਾਰੀ ਕਰਨ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਡੀ. ਏ. ਦੀ ਕਿਸ਼ਤ ਸੰਬੰਧੀ ਜਲਦ ਹੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਭਰੋਸਾ ਮਿਲਿਆ ਹੈ | ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਵਲੋਂ ਇਸ ਸਮੇਂ ਪੁਰਾਣੀ ਪੈਨਸ਼ਨ ਲਾਗੂ ਨਾ ਕਰਨ ਲਈ ਰੋਸ ਪੱਤਰ ਵੀ ਦਿੱਤਾ ਗਿਆ | ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਪ੍ਰਧਾਨ ਅਜੇ ਸਨੋਤਰਾ, ਰਕੇਸ਼ ਧਵਨ, ਦਿਨੇਸ਼ ਹੁਸ਼ਿਆਰਨਗਰ, ਕੇਸ਼ਵ ਕੋਹਲੀ, ਹਿਮਾਂਸ਼ੂ ਸ਼ਰਮਾ ਹਾਜ਼ਰ ਸਨ |