ਅੰਮਿ੍ਤਸਰ, 30 ਜਨਵਰੀ (ਰੇਸ਼ਮ ਸਿੰਘ)-ਹਿਮਾਚਲ ਪ੍ਰਦੇਸ਼ ਤੋਂ ਇਕ ਸਾਲ ਪਹਿਲਾਂ ਗੁੰਮ ਹੋਏ ਵਿਅਕਤੀ ਦੇ ਅੰਮਿ੍ਤਸਰ 'ਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਪੁਲਿਸ ਵਲੋਂ ਸੁਲਝਾ ਲਈ ਗਈ ਹੈ ਅਤੇ ਮਕਬੂਲਪੁਰਾ ਖੇਤਰ 'ਚ ਲੁੱਟ ਖਾਤਰ ਕਤਲ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ ਅਤੇ ਕਤਲ ਲਈ ਵਰਤਿਆ ਉਹ ਡੰਡਾ ਵੀ ਪੁਲਿਸ ਵਲੋਂ ਬਰਾਮਦ ਕਰ ਲਿਆ ਗਿਆ ਜੋ ਕਤਲ ਦੀ ਵਾਰਦਾਤ ਲਈ ਵਰਤਿਆ ਗਿਆ ਸੀ | ਗਿ੍ਫਤਾਰ ਕੀਤੇ ਤਿੰਨ ਮੁਲਜ਼ਮਾਂ 'ਚੋਂ 2 ਨਿਹੰਗ ਬਾਣਾ ਪਹਿਨਦੇ ਸਨ | ਇਹ ਪ੍ਰਗਟਾਵਾ ਅੱਜ ਇਥੇ ਡੀ.ਸੀ.ਪੀ. (ਅਮਨ -ਕਾਨੂੰਨ) ਆਲਮ ਵਿਜੈ ਸਿੰਘ ਨੇ ਕਰਦਿਆਂ ਦਸਿਆ ਕਿ ਇਸ ਮਾਮਲੇ 'ਚ ਗਿ੍ਫਤਾਰ ਕੀਤੇ ਤਿੰਨ ਮੁਲਜ਼ਮਾਂ ਦੀ ਸ਼ਨਾਖਤ ਗੁਰਪ੍ਰੀਤ ਸਿੰਘ (36) ਵਾਸੀ ਪਿੰਡ ਵੇਹਰਾ ਭਿੰਡੀ ਸੈਦਾਂ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮਿਤਸਰ, ਗੁਰਭੇਜ ਸਿੰਘ ਉਰਫ ਕਾਲੂ (20) ਪਿੰਡ ਈਨੋਕੇਟ ਘੁਮਾਣ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ, ਵਿਸ਼ਾਲ ਉਰਫ ਮੰਨਾ (20) ਵਾਸੀ ਜਵਾਹਰ ਨਗਰ ਮਹਿਤਾ ਰੋਡ ਅੰਮਿ੍ਤਸਰ ਵਜੋਂ ਹੋਈ ਹੈ | ਉਨ੍ਹਾਂ ਦਸਿਆ ਕਿ ਮਿ੍ਤਕ ਵਿਅਕਤੀ ਦੀ ਸ਼ਨਾਖਤ ਪੱਪੀ ਵਿਜੈ ਵਾਸੀ ਪਿੰਡ ਟਿਪਊਰਲਾ, ਕਾਂਗੜਾ ਜ਼ਿਲ੍ਹਾ ਹਿਮਾਚਲ ਪ੍ਰਦੇਸ਼ ਜੋ 2 ਨਵੰਬਰ 2024 ਤੋਂ ਹਿਮਾਚਲ ਦੇ ਪਰਵਾਣ ਸ਼ਹਿਰ ਤੋਂ ਗੁੰਮ ਹੋ ਗਿਆ ਸੀ | ਜਿਸ ਦੀ ਲਾਸ਼ ਬੀਤੇ 13 ਜਨਵਰੀ ਨੂੰ ਇਥੇ ਦੁਪਹਿਰ ਸਮੇਂ ਫਰੀਡਮ ਗ੍ਰੈਂਡ ਪੈਲੇਸ ਦੇ ਨੇੜੇ ਖਾਲੀ ਪਲਾਟ 'ਚੋਂ ਅਰਧ ਨਗਨ ਹਾਲਾਤ 'ਚ ਮਿਲੀ ਸੀ ਜਿਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ | ਜਦੋਂ ਉਸਦੀ ਲਾਸ਼ ਨੂੰ 72 ਘੰਟੇ ਲਈ ਪੁਲਿਸ ਵਲੋਂ ਮੁਰਦਾਘਰ 'ਚ ਰਖਿਆ ਗਿਆ ਜਦੋਂ ਕਿ ਬਾਅਦ 'ਚ ਦੁਰਗਿਆਣਾ ਮੰਦਰ ਵਿਖੇ ਲਾਸ਼ ਦਾ ਸਸਕਾਰ ਕਰ ਦਿੱਤਾ | 20 ਜਨਵਰੀ ਨੂੰ ਹਿਮਾਚਲ ਤੋਂ ਆਏ ਮਿ੍ਤਕ ਦੇ ਵਾਰਸਾਂ ਨੇ ਕਪੜਿਆਂ ਤੋਂ ਉਸਦੀ ਸ਼ਨਾਖਤ ਕਰ ਲਈ ਸੀ | ਉਨ੍ਹਾਂ ਦਸਿਆ ਕਿ ਮੁਲਜ਼ਮਾਂ ਨੇ ਪੁਛਗਿੱਛ 'ਚ ਮੰਨਿਆ ਕਿ ਉਨ੍ਹਾਂ ਬੀਤੇ 12 ਤੇ 13 ਜਨਵਰੀ ਦੀ ਦਰਮਿਆਨੀ ਰਾਤ ਨੂੰ ਉਸਨੂੰ ਰੋਕਿਆ ਸੀ ਤੇ ਲੁੱਟਣ ਦੀ ਕੋਸ਼ਿਸ ਕੀਤੀ ਤੇ ਜਦੋਂ ਉਸਨੇ ਵਿਰੋਧ ਕੀਤਾ ਤਾਂ ਉਸਦੇ ਸਿਰ 'ਚ ਡੰਡਾ ਮਾਰ ਦਿੱਤਾ ਜਿਸ ਨਾਲ ਉਹ ਬੇਹੋਸ਼ ਹੋ ਗਿਆ ਤੇ ਉਸ ਪਾਸੋਂ 56 ਹਜ਼ਾਰ ਰੁਪਿਆ ਨਕਦੀ ਖੋਹ ਲਈ | ਉਹ ਉਸਨੂੰ ਖਾਲੀ ਪਲਾਟ 'ਚ ਲੈ ਗਏ ਤਾਂ ਉਸਨੇ ਹੋਸ਼ ਆਉਣ 'ਤੇ ਰੌਲਾ ਪਾਇਆ ਜਿਸ ਉਪਰੰਤ ਉਸਦੀ ਲੈਟਰੀਨ ਵਾਲੀ ਥਾਂ 'ਤੇ ਡੰਡਾ ਦੇ ਕੇ ਮਾਰ ਦਿੱਤਾ | ਇਸ ਮੌਕੇ ਏ.ਸੀ.ਪੀ. ਅਭਿਨਵ ਜੈਨ ਤੇ ਇੰਸ: ਜਸਜੀਤ ਸਿੰਘ ਆਦਿ ਵੀ ਹਾਜ਼ਰ ਸਨ |