ਅੰਮਿ੍ਤਸਰ, 30 ਜਨਵਰੀ (ਰੇਸ਼ਮ ਸਿੰਘ)-ਅੱਜ ਇਥੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ 'ਚੋਂ 2 ਨੌਜਵਾਨਾਂ ਨੂੰ ਚੁੱਕਣਾ ਪੁਲਿਸ ਨੂੰ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਕਿ ਸੰਗਤਾਂ ਨੇ ਸਿਵਲ ਕਪੜੀਏ ਪੁਲਿਸ ਮੁਲਾਜ਼ਮਾਂ ਨੂੰ ਫੜ ਕੇ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰ ਦਿੱਤਾ ਤੇ ਇਤਰਾਜ਼ ਜਤਾਇਆ ਕਿ ਪੁਲਿਸ ਇਥੇ ਸ੍ਰੀ ਦਰਬਾਰ ਸਾਹਿਬ ਵਿਖੇ ਕਿਸੇ ਨੂੰ ਫੜਨ ਲਈ ਇਥੇ ਦਾਖਲ ਨਹੀਂ ਹੋ ਸਕਦੀ | ਕਾਫੀ ਸਮੇਂ ਦੀ ਜਦੋ ਜਹਿਦ ਤੇ ਪੁਲਿਸ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੀ ਮੀਟਿੰਗ ਉਪਰੰਤ ਕਥਿਤ ਤੌਰ 'ਤੇ ਬੰਧਕ ਬਣਾਏ ਗਏ ਪੁਲਿਸ ਮੁਲਾਜ਼ਮਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਛੱਡ ਦਿੱਤਾ ਗਿਆ | ਮਿਲੇ ਵੇਰਵਿਆਂ ਅਨੁਸਾਰ ਤਰਨ ਤਾਰਨ ਦੀ ਪੁਲਿਸ ਪਾਰਟੀ ਵਲੋਂ ਅੱਜ ਸਵੇਰੇ ਇਥੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ 'ਚੋਂ 2 ਨੌਜਵਾਨਾਂ ਨੂੰ ੂ ਕਾਬੂ ਕੀਤਾ ਗਿਆ ਸੀ | ਪੁਲਿਸ ਦੀ ਇਹ ਗੁਪਤ ਕਾਰਵਾਈ ਸੀ ਜਿਸ ਦੀ ਕਿਸੇ ਨੂੰ ਵੀ ਭਿਣਕ ਨਹੀਂ ਸੀ ਪਰ ਪੁਲਿਸ ਵਲੋਂ ਜਦੋਂ ਇਨ੍ਹਾਂ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਤਾਂ ਉਨ੍ਹਾਂ ਦੇ ਰਵੱਈਏ ਦੀ ਸੰਗਤਾਂ ਨੇ ਨਰਾਜ਼ਗੀ ਜ਼ਾਹਿਰ ਕੀਤੀ | ਇਸ ਉਪਰੰਤ ਪੁਲਿਸ ਦੇ 2 ਮੁਲਾਜ਼ਮਾਂ ਨੂੰ ਫੜ ਲਿਆ ਤੇ ਟਾਸਕ ਫੋਰਸ ਦੇ ਹਵਾਲੇ ਕਰ ਦਿੱਤਾ | ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਵੀ ਪੁਲਿਸ ਕਾਰਵਾਈ ਦੀ ਸਖਤ ਨਿੰਦਾ ਕੀਤੀ ਤੇ ਕਿਹਾ ਕਿ ਜੇਕਰ ਪੁਲਿਸ ਨੂੰ ਕਿਸੇ ਮਾਮਲੇ ਵਿਚ ਕਿਸੇ ਵਿਅਕਤੀ ਦੀ ਭਾਲ ਹੁੰਦੀ ਹੈ ਜਾਂ ਕਿਸੇ ਨੂੰ ਗਿ੍ਫ਼ਤਾਰ ਕਰਨਾ ਹੁੰਦਾ ਹੈ, ਤਾਂ ਉਸ ਦੀ ਜਾਣਕਾਰੀ ਪਹਿਲਾਂ ਸ਼੍ਰੋਮਣੀ ਕਮੇਟੀ ਨਾਲ ਸਾਂਝੀ ਕਰਨੀ ਲਾਜ਼ਮੀ ਹੈ | ਅੱਜ ਦੀ ਕਾਰਵਾਈ ਦੌਰਾਨ ਤਰਨ ਤਾਰਨ ਪੁਲਿਸ ਨੇ ਸ਼੍ਰੋਮਣੀ ਕਮੇਟੀ ਨੂੰ ਜਾਣਕਾਰੀ ਨਹੀਂ ਦਿੱਤੀ | ਇਹ ਵੀ ਪਤਾ ਲੱਗਾ ਹੈ ਕਿ ਸਥਾਨਕ ਪੁਲਿਸ ਤੇ ਗਲਿਆਰਾ ਚੌਂਕੀ ਵੀ ਇਸ ਤੋਂ ਅਣਜਾਣ ਸੀ | ਬਾਅਦ 'ਚ ਅੰਮਿ੍ਤਸਰ ਪੁਲਿਸ ਦੀ ਸੂਝਬੂਝ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਕੀਤੀ ਮੀਟਿੰਗ ਪੁਲਿਸ ਮੁਲਾਜ਼ਮਾਂ ਨੂੰ ਛੱਡ ਦਿੱਤਾ ਗਿਆ ਸੋ ਪੁਲਿਸ ਮੁਲਾਜ਼ਮ ਸਕਾਰਪੀਓ ਗੱਡੀ ਵਿਚ ਬੈਠ ਕੇ ਰਵਾਨਾ ਹੋ ਗਏ |