ਅੰਮਿ੍ਤਸਰ, 30 ਜਨਵਰੀ (ਹਰਮਿੰਦਰ ਸਿੰਘ)-ਪੰਜਾਬ ਦਾ ਪਲੇਠਾ 600 ਕਰੋੜ ਦਾ ਬੀ. ਆਰ. ਟੀ. ਐੱਸ. ਦਾ ਮੈਟਰੋ ਬੱਸ ਸੇਵਾ ਪ੍ਰੋਜੈਕਟ ਜੋ ਕਈ ਮਹੀਨਿਆਂ ਤੋਂ ਠੱਪ ਪਿਆ ਹੈ | ਇਸ ਪ੍ਰੋਜੈਕਟ ਤਹਿਤ ਮੈਟਰੋ ਬੱਸਾਂ ਨੂੰ ਚਲਾਉਣ ਲਈ ਬਣਾਇਆ ਗਿਆ ਵਿਸ਼ੇਸ਼ ਲਾਂਘਾ ਹੁਣ ਖ਼ਤਮ ਕੀਤੇ ਜਾਣ ਦੀ ਚਰਚਾ ਸ਼ੁਰੂ ਹੋ ਗਈ ਹੈ | 2014 'ਚ ਬੀ. ਆਰ. ਟੀ. ਐੱਸ. ਪ੍ਰੋਜੈਕਟ ਲਿਆਂਦਾ ਗਿਆ ਜੋ ਦੋ ਸਾਲ ਦੇ ਸਮੇਂ 'ਚ ਮੁਕੰਮਲ ਹੋਇਆ ਅਤੇ 2016 ਵਿਚ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਦੇ ਹੋਏ ਸ਼ਹਿਰ 'ਚ 92 ਮੈਟਰੋ ਬੱਸਾਂ ਆਈਆਂ, ਜਿਨ੍ਹਾਂ 'ਚੋਂ ਤਿੰਨ ਰੂਟਾਂ 'ਤੇ 86 ਬੱਸਾਂ ਚਲਾਈਆਂ ਗਈਆਂ ਸਨ | ਇਹ ਪ੍ਰੋਜੈਕਟ ਪਹਿਲਾਂ ਵੀ ਕਈ ਵਾਰ ਬੰਦ ਹੋਇਆ ਅਤੇ ਮੈਟਰੋ ਬੱਸਾਂ ਨੂੰ ਚਲਾਉਣ ਵਾਲੀ ਨਿੱਜੀ ਕੰਪਨੀ ਦੇ ਅਚਾਨਕ ਭੱਜ ਜਾਣ ਕਰਕੇ ਆਿਖ਼ਰ 2 ਜੁਲਾਈ 2023 ਨੂੰ ਇਹ ਬੱਸ ਸੇਵਾ ਪੂਰੀ ਤਰ੍ਹਾਂ ਠੱਪ ਹੋ ਗਈ | ਨਵੰਬਰ 2024 'ਚ ਇਨ੍ਹਾਂ ਵਿਚੋਂ ਸਿਰਫ਼ ਇਕ ਰੂਟ 'ਤੇ ਹੀ 6 ਬੱਸਾਂ ਚਲਾਈਆਂ ਗਈਆਂ ਸਨ ਜਿਨ੍ਹਾਂ ਦੇ ਕੁਝ ਮਹੀਨੇ ਚੱਲਣ ਤੋਂ ਬਾਅਦ ਹੁਣ ਇਹ ਪ੍ਰੋਜੈਕਟ ਪੂਰੀ ਤਰ੍ਹਾਂ ਨਾਲ ਬੰਦ ਪਿਆ ਹੈ | ਮੈਟਰੋ ਬੱਸ ਦੇ ਲਈ ਜੋ ਵਿਸ਼ੇਸ਼ ਲਾਂਘਾ ਬਣਾਇਆ ਗਿਆ ਉਸ ਵਿਚ ਮੈਟਰੋ ਬੱਸ ਸਟੇਸ਼ਨ ਤਿਆਰ ਕੀਤੇ ਸਨ ਜਿੱਥੇ ਸਵਾਰੀਆਂ ਉੱਤਰਦੀਆਂ ਅਤੇ ਚੜ੍ਹਦੀਆਂ ਸਨ | ਇਹ ਸਟੇਸ਼ਨ ਵੀ ਕਈ ਮਹੀਨਿਆਂ ਤੋਂ ਸੁੰਨੇ ਪਏ ਹਨ ਜਿਨ੍ਹਾਂ ਵਿਚੋਂ ਬਹੁਤ ਸਾਰਾ ਸਾਮਾਨ ਗ਼ਾਇਬ ਹੋ ਗਿਆ ਹੈ | ਲਾਂਘੇ ਦੇ ਦੋਵ੍ਹਾਂ ਪਾਸਿਆਂ 'ਤੇ ਲਗਾਈਆਂ ਗਰਿੱਲਾਂ ਵੀ ਬਹੁਤ ਥਾਵਾਂ ਤੋਂ ਚੋਰੀ ਹੋ ਚੁੱਕੀਆਂ ਹਨ | ਇਸ ਤੋਂ ਇਲਾਵਾ ਨਿਊ ਅੰਮਿ੍ਤਸਰ ਵਿਖੇ ਬਣਾਏ ਜਾ ਰਹੇ ਓਵਰ ਬਿ੍ਜ ਕਰਕੇ ਬੀ. ਆਰ. ਟੀ. ਐੱਸ. ਲਾਂਘੇ ਨੂੰ ਤੋੜਿਆ ਗਿਆ ਹੈ ਅਤੇ ਜਿਸ ਤਰ੍ਹਾਂ ਦੀ ਇਸ ਲਾਂਘੇ ਦੀ ਹਾਲਤ ਹੁੰਦੀ ਜਾ ਰਹੀ ਹੈ, ਉਸ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਬੀ. ਆਰ. ਟੀ. ਐੱਸ. ਲਾਂਘਾ ਖ਼ਤਮ ਕਰ ਦਿੱਤਾ ਜਾਵੇਗਾ | ਜਿਸ ਨਾਲ ਸੜਕਾਂ ਦੀ ਚੌੜਾਈ ਵੱਧ ਜਾਵੇਗੀ | ਕੇਂਦਰ ਸਰਕਾਰ ਦੀ ਮਦਦ ਨਾਲ ਸ਼ਹਿਰ 'ਚ ਜੋ ਈ-ਬੱਸਾਂ ਚਲਾਈਆਂ ਜਾਣਗੀਆਂ ਉਹ ਆਮ ਟਰੈਫ਼ਿਕ ਦੇ ਵਿਚ ਚਲਾਈਆਂ ਜਾਣਗੀਆਂ | ਇਸ ਸੰਬੰਧ ਵਿਚ ਸਮਾਜ ਸੇਵਕ ਇੰਜੀਨੀਅਰ ਪਵਨ ਸ਼ਰਮਾ ਨੇ ਕਿਹਾ ਅੰਮਿ੍ਤਸਰ ਜੋ ਸੈਰ ਸਪਾਟੇ ਵਜੋਂ ਵਿਕਸਤ ਹੋ ਰਿਹਾ ਹੈ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਇੱਥੇ ਸਰਕਾਰੀ ਤੌਰ 'ਤੇ ਪਬਲਿਕ ਟਰਾਂਸਪੋਰਟ ਨਹੀਂ ਹੈ | ਦੋ ਵਾਰ ਪਹਿਲਾ ਸਿਟੀ ਬੱਸ ਸੇਵਾ ਅਤੇ ਮੈਟਰੋ ਬੱਸ ਸੇਵਾ ਦੇ ਤੌਰ 'ਤੇ ਪਬਲਿਕ ਟਰਾਂਸਪੋਰਟ ਲਿਆਂਦੀ ਗਈ | ਇਸ ਦੇ ਲਈ ਲੋਕਾਂ ਦੇ ਟੈਕਸਾਂ ਦੇ ਪੈਸੇ ਨਾਲ 200 ਤੋਂ ਵਧੇਰੇ ਬੱਸਾਂ ਖ਼ਰੀਦੀਆਂ ਗਈਆਂ ਸਨ ਪਰ ਇਹ ਦੋਵੇਂ ਪ੍ਰੋਜੈਕਟ ਠੱਪ ਹੋ ਗਏ ਹਨ ਅਤੇ ਹੁਣ ਤੀਸਰੇ ਪ੍ਰੋਜੈਕਟ ਈ-ਬੱਸਾਂ ਨੂੰ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਿਟੀ ਬੱਸ ਸੇਵਾ ਦੀ ਤਰ੍ਹਾਂ ਮੈਟਰੋ ਬੱਸਾਂ ਮੁੜ ਸ਼ੁਰੂ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ | ਪਵਨ ਸ਼ਰਮਾ ਨੇ ਕਿਹਾ ਕਿ ਨਵੀ ਚਲਾਈਆਂ ਜਾ ਰਹੀਆਂ ਈ-ਬੱਸਾਂ ਨੂੰ ਆਮ ਆਵਾਜਾਈ ਵਾਲੇ ਰਸਤੇ 'ਚ ਚਲਾਏ ਜਾਣ ਦੀ ਯੋਜਨਾ ਹੈ ਅਤੇ ਉਸ ਦੀ ਮੌਜੂਦਗੀ 'ਚ ਇਕ ਵੱਡੇ ਸਿਆਸੀ ਆਗੂ ਵਲੋਂ ਮੈਟਰੋ ਬੱਸ ਲਾਂਘਾ ਖ਼ਤਮ ਕਰਨ ਦੀ ਗੱਲ ਕੀਤੀ ਹੈ | ਜਿਸ ਤਰ੍ਹਾਂ ਦੀ ਲਾਂਘੇ ਦੀ ਹਾਲਤ ਹੋ ਰਹੀ ਅਤੇ ਬੱਸ ਸਟੇਸ਼ਨਾਂ ਦੀ ਮੰਦੀ ਹਾਲਤ ਹੋਈ ਹੈ ਉਸ ਤੋਂ ਪ੍ਰਤੀਤ ਹੁੰਦਾ ਹੈ ਜਲਦ ਹੀ ਮੈਟਰੋ ਬੱਸ ਲਾਂਘਾ ਖ਼ਤਮ ਕਰ ਦਿੱਤਾ ਜਾਵੇਗਾ | ਇਸ ਸੰਬੰਧ ਵਿਚ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਸੰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਮੈਟਰੋ ਬੱਸ ਦਾ ਲਾਂਘਾ ਖ਼ਤਮ ਕਰਨ ਦੀ ਅਜੇ ਕੋਈ ਯੋਜਨਾ ਨਹੀਂ ਹੈ | ਮੈਟਰੋ ਬੱਸਾਂ ਨੂੰ ਮੁੜ ਚਲਾਈਆਂ ਜਾ ਸਕਦੀਆਂ ਹਨ ਜਿਨ੍ਹਾਂ ਨੂੰ ਚਲਾਉਣ ਤੋਂ ਪਹਿਲਾਂ ਬੱਸ ਲਾਂਘੇ ਅਤੇ ਮੈਟਰੋ ਸਟੇਸ਼ਨਾਂ ਦੀ ਜੋ ਮੁਰੰਮਤ ਹੋਣ ਵਾਲੀ ਹੈ ਉਹ ਕਰਵਾਈ ਜਾਵੇਗੀ | ਜੋ ਈ-ਬੱਸਾਂ ਚਲਾਈਆਂ ਜਾਣਗੀਆਂ ਉਹ ਆਵਾਜਾਈ ਵਾਲੇ ਆਮ ਲਾਂਘੇ 'ਚ ਚਲਾਈਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵਲੋਂ ਨਿਊ ਅੰਮਿ੍ਤਸਰ 'ਚ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ ਜਿਸ ਦੇ ਪਿੱਲਰ ਬਣਾਉਣ ਲਈ ਮੈਟਰੋ ਬੱਸ ਲਾਂਘੇ ਨੂੰ ਤੋੜਿਆ ਗਿਆ ਹੈ ਉਸ ਦੀ ਮੁਰੰਮਤ ਲੋਕ ਨਿਰਮਾਣ ਵਿਭਾਗ ਵਲੋਂ ਕਰਵਾਈ ਜਾਵੇਗੀ |