ਅੰਮਿ੍ਤਸਰ, 30 ਜਨਵਰੀ (ਜਸਵੰਤ ਸਿੰਘ ਜੱਸ)-ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁ: ਸਤਿਸੰਗ ਸਭਾ ਬਾਜ਼ਾਰ ਲੋਹਾਰਾ ਚੌਕ ਲਛਮਣਸਰ ਵਿਖੇ ਕਰਵਾਏ ਗਏ ਸੱਤ ਦਿਨਾ ਲੜੀਵਾਰ ਗੁਰਮਤਿ ਸਮਾਗਮਾਂ ਉਪਰੰਤ ਸ਼ੁਕਰਾਨਾ ਗੁਰਮਤਿ ਸਮਾਗਮ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਵਿਖੇ ਸ਼ਰਧਾ ਸਹਿਤ ਕਰਵਾਇਆ ਗਿਆ | ਸਮਾਗਮ ਦੀ ਆਰੰਭਤਾ ਜਪੁਜੀ ਸਾਹਿਬ, ਚੌਪਈ ਸਾਹਿਬ ਦੇ ਸੰਗਤ ਰੂਪੀ ਪਾਠ ਨਾਲ ਹੋਈ | ਉਪਰੰਤ ਭਲਾਈ ਕੇਂਦਰ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਨੇ ਕਥਾ- ਕੀਰਤਨ ਦੀ ਛਹਿਬਰ ਲਾਉਂਦਿਆਂ ਬਾਬਾ ਦੀਪ ਸਿੰਘ ਜੀ ਦਾ ਵੱਡਮੁੱਲਾ ਜੀਵਨ ਇਤਿਹਾਸ ਸੰਗਤਾਂ ਨੂੰ ਸਰਵਨ ਕਰਾਉਂਦਿਆਂ ਕਿਹਾ ਕਿ ਬਾਬਾ ਦੀਪ ਸਿੰਘ ਜੀ ਜਿਥੇ ਯੋਧਿਆ ਦੇ ਯੋਧੇ, ਜੋਗੀਆ ਦੇ ਜੋਗੀ ਸਨ, ਉਥੇ ਬੇਅੰਤ ਗੁਣਾਂ ਦੇ ਮਾਲਕ ਸਨ | ਉਨ੍ਹਾਂ ਕਿਹਾ ਕਿ ਕਲਗੀਧਰ ਪਾਤਿਸ਼ਾਹ ਨੇ ਬਾਬਾ ਦੀਪ ਸਿੰਘ ਜੀ ਨੂੰ ਬੇਅੰਤ ਵਰ ਦਿੱਤੇ ਸਨ | ਭਾਈ ਸਾਹਿਬ ਨੇ ਦੱਸਿਆ ਕਿ ਦੇਸ਼- ਵਿਦੇਸ਼ ਦੀਆਂ ਸੰਗਤਾਂ ਵਲੋਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |