ਅੰਮਿ੍ਤਸਰ, 2 ਫਰਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਵਲੋਂ ਸ਼ਹਿਰ ਦੇ ਹਰ ਘਰ 'ਚੋਂ ਕੂੜਾ ਚੁਕਣ ਲਈ ਘਰ ਦੇ ਦਰਵਾਜਿਆਂ 'ਤੇ ਲਗਾਏ ਜਾ ਰਹੇ ਕਿਊ ਆਰ ਕੋਡ ਦੇ ਸਟਿੱਕਰ ਲਗਾਉਣ ਦਾ ਕੰਮ ਹਲਕਾ ਉ~ਤਰੀ ਦੀਆਂ ਕੁਝ ਵਾਰਡਾਂ ਵਿਚ ਨਗਰ ਸੁਧਾਰ ਟਰੱਸਟ ਅੰਮਿ੍ਤਸਰ ਦੇ ਚੇਅਰਮੈਨ ਅਤੇ ਉੱਤਰੀ ਵਿਧਾਨ ਸਭਾ ਹਲਕੇ ਲਈ ਆਮ ਆਦਮੀ ਪਾਰਟੀ ਦੇ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੇ ਸ਼ੁਰੂ ਕੀਤਾ | ਇਸ ਤੋਂ ਇਲਾਵਾ ਉਨ੍ਹਾਂ ਵਾਰਡ ਨੰਬਰ 13 ਅਤੇ 17 ਦੇ ਸੰਧੂ ਕਾਲੋਨੀ, ਵਿਸ਼ਾਲ ਵਿਹਾਰ ਅਤੇ ਪ੍ਰਕਾਸ਼ ਵਿਹਾਰ ਦੇ ਖੇਤਰਾਂ ਵਿਚ ਗਲੀਆਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ | ਉਨ੍ਹਾਂ ਕਿਹਾ ਕਿ ਇਨ੍ਹਾਂ ਗਲੀਆਂ ਵਿਚ ਸੀਵਰੇਜ ਸਿਸਟਮ ਦੀ ਪਹਿਲਾਂ ਮੁਰੰਮਤ ਕੀਤੀ ਗਈ ਸੀ ਅਤੇ ਹੁਣ ਗਲੀਆਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉੱਤਰੀ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ ਲੋਕਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਹੱਲ ਲੱਭਣ ਲਈ ਮਿਲ ਰਹੇ ਹਨ | ਉਨ੍ਹਾਂ ਕਿਹਾ ਕਿ ਪ੍ਰੀ-ਮਿਕਸ ਸੜਕ ਨਿਰਮਾਣ ਦਾ ਕੰਮ ਵੀ ਮਾਰਚ ਵਿਚ ਸ਼ੁਰੂ ਹੋਵੇਗਾ | ਰਿੰਟੂ ਨੇ ਅੱਗੇ ਕਿਹਾ ਕਿ ਉੱਤਰੀ ਵਿਧਾਨ ਸਭਾ ਹਲਕੇ ਵਿਚ ਸਫਾਈ ਵਿਚ ਵੀ ਸੁਧਾਰ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਘਰ-ਘਰ ਕੂੜਾ ਇਕੱਠਾ ਕਰਨ ਵਾਲੇ ਵਾਹਨਾਂ ਦੀ ਗਿਣਤੀ ਵੀ ਵਧਾਈ ਜਾ ਰਹੀ ਹੈ | ਹਰ ਘਰ ਦੇ ਸਾਹਮਣੇ ਸਕੈਨ ਕੋਡ ਲਗਾਏ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਕੋਈ ਜਾਣਦਾ ਹੈ ਕਿ ਉਨ੍ਹਾਂ ਦਾ ਕੂੜਾ ਇਕੱਠਾ ਕੀਤਾ ਜਾ ਰਿਹਾ ਹੈ | ਇਸ ਮੌਕੇ ਵਾਰਡ ਇੰਚਾਰਜ ਅਨੇਕ ਸਿੰਘ, ਕੌਂਸਲਰ ਗੁਲਜ਼ਾਰ ਬਿੱਟੂ ਅਤੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਵਸਨੀਕ ਮੌਜੂਦ ਸਨ |