ਅੰਮਿ੍ਤਸਰ, 2 ਫਰਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਅਦੇਸ਼ਾਂ ਤਹਿਤ ਨਿਗਮ ਦੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ 'ਡਾਗ ਲਵਰਜ਼' ਅਤੇ ਵਾਤਾਵਰਨ ਪ੍ਰੇਮੀਆਂ ਨਾਲ ਮੀਟਿੰਗ ਕੀਤੀ ਗਈ | ਜਿਸ 'ਚ ਆਵਾਰਾ ਕੁੱਤਿਆਂ ਦੀ ਭਲਾਈ ਅਤੇ ਸ਼ਹਿਰ ਦੇ ਵਾਤਾਵਰਨ ਦੀ ਸੰਭਾਲ ਸੰਬੰਧੀ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ 'ਤੇ ਮੈਂਬਰਾਂ ਨੇ ਆਵਾਰਾ ਕੁੱਤਿਆਂ ਦੀ ਭਲਾਈ 'ਤੇ ਜ਼ੋਰ ਦਿੰਦਿਆਂ ਸ਼ਹਿਰ ਦੇ ਹਰ ਵਾਰਡ ਵਿਚ ਘੱਟੋ-ਘੱਟ ਪੰਜ ਨਿਰਧਾਰਿਤ ਖੁਰਾਕ ਸਥਾਨ (ਫੀਡਿੰਗ ਪੁਆਇੰਟ) ਬਣਾਉਣ ਦੀ ਸਿਫਾਰਿਸ਼ ਕੀਤੀ | ਵਿਸਥਾਰਪੂਰਵਕ ਚਰਚਾ ਉਪਰੰਤ ਸਹਿਮਤੀ ਨਾਲ 'ਅੰਮਿ੍ਤਸਰ ਸਿਟੀਜ਼ਨ ਐਨਵਾਇਰਨਮੈਂਟ ਕਮੇਟੀ' ਦਾ ਗਠਨ ਕੀਤਾ ਗਿਆ, ਜੋ ਵਾਤਾਵਰਨ ਦੀ ਸੰਭਾਲ ਦੇ ਨਾਲ-ਨਾਲ ਕੁੱਤਿਆਂ ਅਤੇ ਹੋਰ ਪਸ਼ੂਆਂ ਦੀ ਭਲਾਈ ਲਈ ਕੰਮ ਕਰੇਗੀ | ਇਸ ਮੌਕੇ ਕੈਟਲ ਪੌਂਡ ਇੰਚਾਰਜ ਡਾ: ਗੀਤੂ ਸਰੀਨ, ਸੁਖਸੁਹਿੰਦਰ ਸਿੰਘ, ਆਰ. ਡੀ. ਸ਼ਰਮਾ, ਦੀਪਕ ਬੱਬਰ ਆਦਿ ਹਾਜ਼ਰ ਸਨ | ਵਧੀਕ ਕਮਿਸ਼ਨਰ ਨੇ ਦੱਸਿਆ ਕਿ ਐੱਸ. ਪੀ. ਸੀ. ਏ. ਦੇ ਸਹਿਯੋਗ ਨਾਲ ਇਕ ਐਨੀਮਲ ਸ਼ੈਲਟਰ ਪ੍ਰੋਜੈਕਟ 'ਤੇ ਕੰਮ ਚੱਲ ਰਿਹਾ ਹੈ, ਜਿਸਦਾ ਮਕਸਦ ਹਰ ਕਿਸਮ ਦੇ ਪਸ਼ੂਆਂ ਦੀ ਸੁਰੱਖਿਆ ਅਤੇ ਭਲਾਈ ਯਕੀਨੀ ਬਣਾਉਣਾ ਹੈ | ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਨਗਰ ਨਿਗਮ ਦੇ ਸੁਖਸੁਹਿੰਦਰ ਸਿੰਘ ਨੇ ਹਾਲ ਹੀ ਵਿਚ ਲੁਧਿਆਣਾ ਸਥਿਤ 'ਡਾਗ ਸੈਂਕਚੁਅਰੀ' ਦਾ ਦੌਰਾ ਕਰਕੇ ਕੁੱਤਿਆਂ ਦੀ ਭਲਾਈ ਲਈ ਅਪਣਾਏ ਜਾ ਰਹੇ ਬਿਹਤਰ ਉਪਾਆਂ ਦਾ ਅਧਿਐਨ ਕੀਤਾ ਹੈ | ਵਧੀਕ ਕਮਿਸ਼ਨਰ ਨੇ ਦੱਸਿਆ ਕਿ ਟੋਲ ਫ੍ਰੀ ਨੰਬਰ 1800-180-3291 ਨੂੰ ਸਰਗਰਮ ਕੀਤਾ ਗਿਆ ਹੈ, ਜੋ ਸਾਰੇ ਕੰਮ ਵਾਲੇ ਦਿਨਾਂ 'ਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕਰੇਗਾ, ਤਾਂ ਜੋ ਨਾਗਰਿਕ ਕੁੱਤਿਆਂ ਅਤੇ ਹੋਰ ਪਸ਼ੂਆਂ ਨਾਲ ਸੰਬੰਧਿਤ ਸ਼ਿਕਾਇਤਾਂ ਦਰਜ ਕਰਵਾ ਸਕਣ | ਉਨ੍ਹਾਂ ਨੇ ਇਹ ਵੀ ਕਿਹਾ ਕਿ ਕੁੱਤਿਆ ਦੀ ਨੱਸਬੰਦੀ ਦਾ ਕੰਮ ਨਿਰਧਾਰਿਤ ਕੇਂਦਰਾਂ 'ਤੇ ਲਗਾਤਾਰ ਜਾਰੀ ਹੈ | ਮੀਟਿੰਗ ਦੌਰਾਨ ਦੀਪਕ ਬੱਬਰ ਨੇ ਵਾਰਡ ਪੱਧਰ 'ਤੇ ਆਵਾਰਾ ਕੁੱਤਿਆਂ ਲਈ ਖਾਣ-ਪੀਣ ਦੀ ਵਿਵਸਥਾ ਕਰਨ ਦੀ ਲੋੜ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਕੁੱਤੇ ਨਾਗਰਿਕਾਂ ਪ੍ਰਤੀ ਹੋਰ ਮਿੱਤਰਤਾਪੂਰਵਕ ਬਣਨਗੇ ਅਤੇ ਕੁੱਤੇ ਦੇ ਕੱਟਣ ਦੀਆਂ ਘਟਨਾਵਾਂ ਵਿਚ ਕਮੀ ਆਵੇਗੀ |
ਵਧੀਕ ਕਮਿਸ਼ਨਰ ਵਲੋਂ 'ਡਾਗ ਲਵਰਜ਼' ਤੇ ਵਾਤਾਵਰਨ ਪ੍ਰੇਮੀਆਂ ਨਾਲ ਬੈਠਕ
ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ 'ਡਾਗ ਲਵਰਜ਼' ਅਤੇ ਵਾਤਾਵਰਨ ਪ੍ਰੇਮੀਆਂ ਨਾਲ ਮੀਟਿੰਗ ਕਰਦੇ ਹੋਏ | ਤਸਵੀਰ : ਹਰਜੀਤ ਸਿੰਘ <br/>
03-02-2026