ਅੰਮਿ੍ਤਸਰ, 2 ਫਰਵਰੀ (ਹਰਮਿੰਦਰ ਸਿੰਘ)-ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵਲੋਂ ਮਿਲੀ ਰਾਹਤ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਇਹ ਰਿਹਾਈ ਸੱਚ ਦੀ ਜਿੱਤ ਹੈ | ਉਨ੍ਹਾਂ ਕਿਹਾ ਕਿ ਲੋਕ 'ਆਪ' ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਭਲੀਭਾਂਤ ਜਾਣੂ ਹੋ ਚੁੱਕੇ ਹਨ, ਜਿਸ ਦਾ ਜਵਾਬ ਉਹ 2027 ਵਿਚ ਆ ਰਹੀਆਂ ਚੋਣਾਂ ਦੌਰਾਨ ਦੇਣਗੇ | ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਜਿੱਥੇ ਸੁਪਰੀਮ ਕੋਰਟ ਨੇ ਵੱਡੀ ਰਾਹਤ ਪ੍ਰਦਾਨ ਕਰਦਿਆਂ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕੀਤੀ ਹੈ, ਉਥੇ ਸੂਬਾ ਸਰਕਾਰ ਨੂੰ ਆੜੇ ਹੱਥੀਂ ਵੀ ਲਿਆ ਹੈ | ਉਨ੍ਹਾਂ ਕਿਹਾ ਕਿ ਸ: ਮਜੀਠੀਆ ਨੂੰ ਰਾਜਨੀਤਿਕ ਬਦਲਾਖੋਰੀ ਦੇ ਤਹਿਤ ਝੂਠੇ ਕੇਸਾਂ 'ਚ ਫਸਾਇਆ ਗਿਆ ਸੀ, ਪਰ ਅੱਜ ਅਦਾਲਤ ਦੇ ਫ਼ੈਸਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੱਚ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ | ਉਨ੍ਹਾਂ ਕਿਹਾ ਕਿ ਇਹ ਜ਼ਮਾਨਤ ਉਨ੍ਹਾਂ ਲੋਕਾਂ ਲਈ ਵੀ ਸਖ਼ਤ ਸੁਨੇਹਾ ਹੈ ਜੋ ਸਰਕਾਰੀ ਏਜੰਸੀਆਂ ਦਾ ਗਲਤ ਇਸਤੇਮਾਲ ਕਰਕੇ ਵਿਰੋਧੀਆਂ ਦੀ ਆਵਾਜ਼ ਦਬਾਉਣਾ ਚਾਹੁੰਦੇ ਹਨ |