ਛੇਹਰਟਾ, 2 ਫਰਵਰੀ (ਪੱਤਰ ਪ੍ਰੇਰਕ)-ਸਾਬਕਾ ਕੈਬਨਿਟ ਮੰਤਰੀ ਤੇ ਅਕਾਲੀ ਆਗੂ ਜਥੇ: ਗੁਲਜ਼ਾਰ ਸਿੰਘ ਰਣੀਕੇ ਨੇ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਖੁਸ਼ੀ ਪ੍ਰਗਟ ਕਰਦਿਆਂ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ: ਮਜੀਠੀਆ ਨੂੰ ਪੰਜਾਬ ਸਰਕਾਰ ਨੇ ਝੂਠੇ ਕੇਸ ਵਿਚ ਲੰਮੇ ਸਮੇਂ ਤੋਂ ਜੇਲ੍ਹ ਵਿਚ ਡੱਕਿਆ ਹੋਇਆ ਸੀ, ਇਕੱਲਾ ਜੇਲ੍ਹ ਵਿਚ ਹੀ ਨਹੀਂ ਡੱਕਿਆ ਸੀ, ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਵੀ ਹਨਨ ਕੀਤਾ ਜਾ ਰਿਹਾ ਸੀ | ਅੱਜ ਮਾਨਯੋਗ ਸੁਪਰੀਮ ਕੋਰਟ ਨੇ ਉਨ੍ਹਾਂ ਨਾਲ ਇਨਸਾਫ ਕਰਦਿਆਂ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕੀਤੀ ਹੈ ਜਿਸ ਨਾਲ ਪਾਰਟੀ ਕੇਡਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਸ਼੍ਰੋਮਣੀ ਕਮੇਟੀ ਦੇ ਅੰਤਿ੍ੰਗ ਮੈਂਬਰ ਮਗਵਿੰਦਰ ਸਿੰਘ ਖਾਪੜਖੇੜੀ ਤੇ ਜ਼ਿਲ੍ਹਾ ਅੰਮਿ੍ਤਸਰ ਸ਼ਹਿਰੀ ਦੇ ਪ੍ਰਧਾਨ ਸਰਜੀਤ ਸਿੰਘ ਪਹਿਲਵਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ 'ਤੇ ਸਿਆਸੀ ਕਿੜ ਕੱਢਣ ਲਈ ਆਪ ਸਰਕਾਰ ਨੇ ਝੂਠਾ ਪਰਚਾ ਦਰਜ ਕਰਵਾ ਕੇ ਜਿਹੜੀ ਸਾਜਿਸ਼ ਰਚੀ ਹੈ ਉਸ ਵਿਚ ਉਹ ਕਦੇ ਵੀ ਸਫ਼ਲ ਨਹੀਂ ਹੋ ਸਕਣਗੇ ਤੇ ਮਾਣਯੋਗ ਸੁਪਰੀਮ ਕੋਰਟ ਤੋਂ ਸ. ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ਼ ਵਿਰੋਧੀਆਂ ਦਾ ਰਚਿਆ ਚਕਰਵਿਊ ਫ਼ੇਲ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਹੁਣ ਲੋਕਾਂ ਦੀ ਕਚਹਿਰੀ ਵਿਚ ਜਵਾਬ ਦੇਣਾ ਵੀ ਔਖਾ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਝੂਠ ਦਾ ਚਾਹੇ ਜਿੰਨਾ ਮਰਜ਼ੀ ਬੋਲ ਬਾਲਾ ਹੋਵੇ ਅਖ਼ੀਰ ਜਿੱਤ ਸਚਾਈ ਦੀ ਹੀ ਹੁੰਦੀ ਹੈ ਜੋ ਕਿ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿਚ ਪ੍ਰਤੱਖ ਦੇਖਣ ਨੂੰ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਵਿਰੋਧੀਆਂ ਵਲੋਂ ਸ. ਮਜੀਠਿਆ 'ਤੇ ਝੂਠਾ ਪਰਚਾ ਦਰਜ ਕਰਵਾ ਕੇ ਜੋ ਵਧੀਕੀ ਕੀਤੀ ਗਈ ਹੈ ਉਸ ਦਾ ਸਮਾਂ ਆਉਣ 'ਤੇ ਪੂਰਾ ਹਿਸਾਬ ਲਿਆ ਜਾਵੇਗਾ ਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਬਿਕਰਮ ਸਿੰਘ ਮਜੀਠੀਆ ਚੜਦੀ ਕਲ੍ਹਾ 'ਚ ਸੀ ਤੇ ਹਮੇਸ਼ਾਂ ਰਹਿਣਗੇ, ਵਿਰੋਧੀ ਆਪਣੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦਾ ਵਾਲ ਵਿੰਗਾ ਵੀ ਨਹੀਂ ਕਰ ਸਕਣਗੇ | ਇਸ ਮੌਕੇ ਐਡਵੋਕੇਟ ਅਮਨਬੀਰ ਸਿੰਘ ਸਿਆਲੀ, ਸੁਲਤਾਨ ਸਿੰਘ ਸੰਧੂ, ਦਿਲਰਾਜ ਸਿੰਘ ਗਿੱਲ, ਕੁਲਵੰਤ ਸਿੰਘ ਲਖਨਊ ਵਾਲੇ, ਜਸਪਾਲ ਸਿੰਘ ਭੱਟੀ, ਸੁੱਖ ਖਾਪੜਖੇੜੀ, ਨਰਾਇਣਦੀਪ ਸਿੰਘ ਸੰਧੂ ਆਦਿ ਹਾਜ਼ਰ ਸਨ |