ਅੰਮਿ੍ਤਸਰ, 3 ਫਰਵਰੀ (ਹਰਮਿੰਦਰ ਸਿੰਘ)-ਦੇਸ਼ ਦੇ ਸਮਾਰਟ ਸਿਟੀ ਸੂਚੀ ਵਾਲੇ ਸ਼ਹਿਰਾਂ 'ਚ ਸ਼ਾਮਲ ਅੰਮਿ੍ਤਸਰ ਸ਼ਹਿਰ ਨੂੰ ਸਮਾਰਟ ਹੋਣ ਲਈ ਅਜੇ ਹੋਰ ਸਮਾਂ ਲੱਗ ਸਕਦਾ ਹੈ | ਜਿਸ ਦਾ ਕਾਰਨ ਸ਼ਹਿਰ ਪ੍ਰਤੀ ਵਰਤੀਆਂ ਜਾਣ ਵਾਲੀਆਂ ਨਿੱਕੀਆਂ ਅਣਗਹਿਲੀਆਂ ਅਤੇ ਬੇਧਿਆਨਿਆਂ ਵੱਡੀ ਰੁਕਾਵਟ ਪੈਦਾ ਕਰ ਰਹੇ ਹਨ | ਜੋ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲਗਾ ਰਹੀਆਂ ਹਨ | ਅੰਮਿ੍ਤਸਰ ਦੇ ਸਭ ਤੋਂ ਵੱਡੀ ਐਲੀਵੇਟਿਡ ਰੋਡ ਜੋ ਅਲਫਾ ਵੰਨ (ਮਾਲ ਆਫ਼ ਦਾ ਅੰਮਿ੍ਤਸਰ) ਤੋਂ ਸ਼ੁਰੂ ਹੋ ਕੇ ਭੰਡਾਰੀ ਪੁਲ 'ਤੇ ਆਉਣ ਮਿਲਦਾ ਹੈ ਕਰੀਬ ਸਾਢੇ ਤਿੰਨ ਕਿੱਲੋਮੀਟਰ ਦੇ ਇਸ ਪੁਲ 'ਤੇ ਚੜ੍ਹਨ ਵਾਲੇ ਸੈਲਾਨੀਆਂ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਸਮਾਰਟ ਸਿਟੀ ਤਹਿਤ ਬਿਜਲਈ ਦਿਸ਼ਾ ਸੂਚਕ ਲਗਾਏ ਗਏ ਹਨ ਜੋ ਕਿਸੇ ਵੇਲੇ ਚੱਲਦੇ ਸਨ ਅਤੇ ਜਿਨ੍ਹਾਂ ਤੋਂ ਸੇਧ ਲੈ ਕੇ ਸੈਲਾਨੀ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਸਥਾਨਾਂ ਦੀ ਜਾਣਕਾਰੀ ਹਾਸਲ ਕਰਦੇ ਸਨ ਅਤੇ ਉਨ੍ਹਾਂ ਨੂੰ ਆਸਾਨੀ ਨਾਲ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੇ ਸਨ | ਇਹ ਦਿਸ਼ਾ ਸੂਚਕ ਬੋਰਡ ਐਲੀਵੇਟਿਡ ਦੇ ਸ਼ੁਰੂ ਅਤੇ ਅੱਧ 'ਚ ਸ੍ਰੀ ਹਰਿਮੰਦਰ ਸਾਹਿਬ ਨੂੰ ਉਤਰ ਵਾਲੇ ਰਸਤੇ ਅਤੇ ਭੰਡਾਰੀ ਪੁਲ 'ਤੇ ਲਗਾਈਆਂ ਸਨ | ਕਰੀਬ ਤਿੰਨ ਸਾਲ ਤੋਂ ਇਹ ਦਿਸ਼ਾ ਸੂਚਕ ਬੋਰਡ ਪੂਰੀ ਤਰ੍ਹਾਂ ਨਾਲ ਬੰਦ ਪਏ ਹਨ | ਸ੍ਰੀ ਹਰਿਮੰਦਰ ਸਾਹਿਬ ਜਿੱਥੇ ਹਰ ਰੋਜ਼ ਨਤਮਸਤਕ ਹੋਣ ਲਈ ਦੋ ਲੱਖ ਦੇ ਕਰੀਬ ਸ਼ਰਧਾਲੂ ਅਤੇ ਸੈਲਾਨੀ ਆਉਂਦੇ ਹਨ ਜਿਨ੍ਹਾਂ 'ਚੋਂ ਬਹੁਤ ਅਜਿਹੇ ਵੀ ਹੁੰਦੇ ਜੋ ਪਹਿਲੀ ਵਾਰ ਇਸ ਮੁਕੱਦਸ ਸਥਾਨ ਵਿਖੇ ਪਹੁੰਚਦੇ ਹਨ | ਜਿਨ੍ਹਾਂ ਨੂੰ ਰਸਤਿਆਂ ਦਾ ਇਲਮ ਨਹੀਂ ਹੁੰਦਾ ਉਹ ਦਿਸ਼ਾ ਸੂਚਕ ਬੋਰਡਾਂ ਦਾ ਸਹਾਰਾ ਲੈਂਦੇ ਹਨ | ਭਾਵੇਂ ਕਿ ਗੁੱਗਲ ਮੈਪ ਰਾਹੀਂ ਵੀ ਜਾਣਕਾਰੀ ਉਪਲਬਧ ਹੁੰਦੀ ਹੈ ਪਰ ਗੁੱਗਲ 'ਤੇ ਇਕ ਸਥਾਨ 'ਤੇ ਜਾਣ ਲਈ ਕਈ ਕਈ ਰਸਤੇ ਦਿਖਾਏ ਜਾਂਦੇ ਹਨ | ਜਿਸ ਕਾਰਨ ਸੈਲਾਨੀ ਰਸਤਿਆਂ 'ਚ ਭਟਕ ਜਾਂਦੇ ਹਨ | ਅੰਮਿ੍ਤਸਰ ਆਉਣ ਵਾਲਿਆਂ ਦੀ ਸਹੂਲਤ ਲਈ ਐਲੀਵੇਟਿਡ ਰੋਡ 'ਤੇ ਜੋ ਦਿਸ਼ਾ ਸੂਚਕ ਬੋਰਡ ਉਨ੍ਹਾਂ ਦਾ ਬਾਹਰੋਂ ਦੂਸਰੇ ਸ਼ਹਿਰਾਂ ਤੋਂ ਆਉਣ ਵਾਲੇ ਸੈਲਾਨੀ ਨੂੰ ਕਾਫ਼ੀ ਰਾਹਤ ਮਿਲਦੀ ਸੀ ਕਰੀਬ ਤਿੰਨ ਸਾਲ ਤੋਂ ਬੰਦ ਪਏ ਇਹ ਦਿਸ਼ਾ ਸੂਚਕ ਬੋਰਡ ਸੈਲਾਨੀਆਂ ਲਈ ਪੇ੍ਰਸ਼ਾਨੀ ਦੇ ਨਾਲ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲਗਾ ਰਹੇ ਹਨ | ਐਲੀਵੇਟਿਡ ਰੋਡ ਰਾਹੀਂ ਸ੍ਰੀ ਦਰਬਾਰ ਸਾਹਿਬ ਜਾਣ ਵਾਲਿਆਂ ਨੂੰ ਆਸਾਨੀ ਦਾ ਰਸਤਾ ਹੈ ਜੋ ਐਲੀਵੇਟਿਡ ਰੋਡ ਦੇ ਅੱਧ ਵਿਚ ਉਤਰਦਾ ਹੈ ਜਦੋਂ ਸੈਲਾਨੀਆਂ ਨੂੰ ਇਸ ਰਸਤੇ ਦਾ ਪਤਾ ਨਹੀਂ ਚੱਲਦਾ ਤਾਂ ਉਨ੍ਹਾਂ ਨੂੰ ਕਰੀਬ ਪੰਜ ਕਿਲੋਮੀਟਰ ਦਾ ਵਧੇਰੇ ਸਫ਼ਰ ਅਤੇ ਆਵਾਜਾਈ ਜਾਮ ਦਾ ਸਾਹਮਣਾ ਕਰਕੇ ਮੁੜ ਆਪਣੀ ਮੰਜ਼ਿਲ 'ਤੇ ਪਹੁੰਚਣਾ ਪੈਂਦਾ ਹੈ | ਜਿਸ ਨਾਲ ਉਨ੍ਹਾਂ ਦਾ ਸਮਾਂ ਤਾਂ ਬਰਬਾਦ ਹੁੰਦਾ ਹੈ ਇਸ ਦੇ ਨਾਲ ਖੱਜਲ ਖ਼ੁਆਰੀ ਵੀ ਹੁੰਦੀ ਹੈ | ਨਗਰ ਨਿਗਮ ਵਲੋਂ ਨਾ ਤਾਂ ਇਨ੍ਹਾਂ ਸਕਰੀਨਾਂ ਦੀ ਮੁਰੰਮਤ ਕਰਵਾਈ ਜਾ ਰਹੀ ਹੈ ਅਤੇ ਨਾ ਹੀ ਇਨ੍ਹਾਂ ਨੂੰ ਬਦਲਿਆ ਜਾ ਰਿਹਾ ਹੈ | ਜਿਸ ਦੇ ਨਾਲ ਨਗਰ ਨਿਗਮ ਦੀ ਕਾਰਜਗੁਜਾਰੀ 'ਤੇ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ ਅਤੇ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆ 'ਤੇ ਇਸ ਦਾ ਮਾੜਾ ਪ੍ਰਭਾਵ ਪੈਦਾ ਹੈ | ਜਿਸ ਨੂੰ ਦੇਖ 'ਤੇ ਪ੍ਰਤੀਤ ਹੁੰਦਾ ਹੈ ਜਿਵੇਂ ਸੁੰਦਰ ਸ਼ਹਿਰ ਦੇ ਬਨੇਰੇ 'ਤੇ ਨਜ਼ਰਵੱਟੂ ਵੀ ਟੰਗੇ ਹੋਣ |