ਅੰਮਿ੍ਤਸਰ, 3 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਅਖਿਲ ਭਾਰਤੀ ਹਿਮਾਚਲ ਸਮਾਜਿਕ ਸੰਸਥਾ ਸੰਘ ਵਲੋਂ ਲਖਨਊ ਤੋਂ ਪਹੁੰਚੇ ਸਮਾਜ ਸੇਵਕ ਸੁਰਿੰਦਰ ਸਿੰਘ ਰਾਜੂ ਗਾਂਧੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਰਾਸ਼ਟਰੀ ਜਨਰਲ ਸਕੱਤਰ ਐਡਵੋਕੇਟ ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਰਾਜੂ ਗਾਂਧੀ ਲਖਨਊ 'ਚ ਇਕ ਸਮਾਜ ਸੇਵਕ ਵਜੋਂ ਜਾਣੇ ਜਾਂਦੇ ਹਨ | ਉਨ੍ਹਾਂ ਦਾ ਘਰ ਸਵੇਰ ਤੋਂ ਰਾਤ ਤੱਕ ਜਨਤਾ ਲਈ ਖੁੱਲ੍ਹਾ ਰਹਿੰਦਾ ਹੈ ਅਤੇ ਉਹ ਹਮੇਸ਼ਾ ਬੇਸਹਾਰਾ ਲੋਕਾਂ ਦੀ ਸੇਵਾ ਕਰਨ ਲਈ ਤਿਆਰ ਰਹਿੰਦੇ ਹਨ | ਉਨ੍ਹਾਂ ਨੇ ਕਈ ਸਾਲਾਂ ਤੋਂ ਕੌਂਸਲਰ ਵਜੋਂ ਸੇਵਾ ਨਿਭਾਈ ਹੈ | ਕਈ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਹੋਣ ਦੇ ਨਾਲ-ਨਾਲ, ਉਹ ਲਖਨਊ ਵਿਚ ਪੰਜਾਬੀ ਭਾਈਚਾਰੇ 'ਚ ਇਕ ਪ੍ਰਮੁੱਖ ਸ਼ਖਸੀਅਤ ਵੀ ਹਨ | ਰਾਜੂ ਗਾਂਧੀ ਨੇ ਸੰਸਥਾ ਦੇ ਸਾਰੇ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਸਮਾਜ ਸੇਵਾ 'ਚ ਕਦੇ ਵੀ ਸਨਮਾਨ ਦੀ ਇੱਛਾ ਨਹੀਂ ਹੁੰਦੀ, ਸਿਰਫ਼ ਸੇਵਾ ਦਾ ਜਨੂੰਨ ਹੁੰਦਾ ਹੈ | ਇਸ ਮੌਕੇ ਉਨ੍ਹਾਂ ਨਾਲ ਅਜੀਤ ਬਾਜਪਾਈ, ਸੰਜੀਵ, ਤੇਜਿੰਦਰਪਾਲ, ਡਾ. ਸੁਨੀਲ ਕੁਮਾਰ ਮਿਸ਼ਰਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |