ਅੰਮਿ੍ਤਸਰ, 5 ਫਰਵਰੀ (ਰੇਸ਼ਮ ਸਿੰਘ)-ਬੀਤੇ ਦਿਨੀ ਲੜਕੀ ਪਾਸੋਂ ਮੋਬਾਈਲ ਫੋਨ ਖੋਹਣ ਮੌਕੇ ਲੜਕੀ ਦੇ ਵਿਰੋਧ ਕਰਨ 'ਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਵਾਲਾ ਮੁਲਜ਼ਮ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ | ਜਿਸ ਪਾਸੋਂ ਪੁਲਿਸ ਨੇ ਖੋਹਿਆ ਗਿਆ ਮੋਬਾਈਲ ਫੋਨ ਤੇ ਵਾਰਦਾਤ 'ਚ ਵਰਤੀ ਗਈ ਐਕਟਿਵਾ ਸਕੂਟਰੀ ਵੀ ਬਰਾਮਦ ਕਰ ਲਈ ਹੈ | ਇਹ ਪ੍ਰਗਟਾਵਾ ਅੱਜ ਇਥੇ ਏ.ਡੀ.ਸੀ.ਪੀ. ਹਰਪਾਲ ਸਿੰਘ ਨੇ ਕਰਦਿਆਂ ਦੱਸਿਆ ਕਿ ਗਿ੍ਫਤਾਰ ਕੀਤੇ ਮੁਲਜ਼ਮ ਦੀ ਸ਼ਨਾਖਤ ਰਾਹੁਲ ਉਰਫ ਮਿੱਠੂ (34) ਵਾਸੀ ਤਰਨ ਤਾਰਨ ਰੋਡ, ਅੰਮਿ੍ਤਸਰ ਵਜੋਂ ਹੋਈ ਹੈ | ਥਾਣਾ ਬੀ. ਡਵੀਜ਼ਨ ਦੀ ਪੁਲਿਸ ਨੂੰ ਪੀੜਤ ਲੜਕੀ ਸਨੇਹਾ ਨੇ ਦੱਸਿਆ ਕਿ ਬੀਤੇ 2 ਫਰਵਰੀ ਨੂੰ ਸਵੇਰੇ 7 ਵਜੇ ਕਰੀਬ ਐਕਟਿਵਾ ਸਵਾਰ ਇਕ ਅਣਪਛਾਤੇ ਵਿਅਕਤੀ ਵਲੋਂ ਉਸਨੂੰ ਤੇਗ ਰਾਇਲ ਹੋਟਲ ਵਾਲੀ ਗਲੀ ਵਿੱਖੇ ਰੋਕ ਕੇ ਉਸ ਪਾਸੋ ਮੋਬਾਈਲ ਫੋਨ ਖੋਹ ਕਰਕੇ ਐਕਟਿਵਾ 'ਤੇ ਸਵਾਰ ਹੋ ਕੇ ਮੌਕਾ ਤੋਂ ਨਿਕਲ ਗਿਆ ਸੀ | ਥਾਣਾ ਬੀ.ਡਵੀਜ਼ਨ ਦੀ ਪੁਲਿਸ ਟੀਮ ਵਲੋਂ ਲੁਟ ਖੋਹ ਦੇ ਮੁਕੱਦਮੇ ਨੂੰ ਹੱਲ ਕਰਕੇ ਮੁਕੱਦਮਾਂ ਦੇ ਮੁੱਖ ਕਥਿਤ ਦੋਸ਼ੀ ਨੂੰ ਕਾਬੂ ਅਤੇ ਵਾਰਦਾਤ ਸਮੇਂ ਵਰਤੀ ਐਕਟਿਵਾ ਸਕੂਟਰੀ ਅਤੇ ਖੋਹਸ਼ੁਦਾ ਮੋਬਾਈਲ ਫੋਨ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਜਹਾਹਗੜ੍ਹ ਦੇ ਖੇਤਰ ਤੋਂ ਜਦੋਂ ਪੁਲਿਸ ਪਾਰਟੀ ਵਲੋਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਰਾਹੁਲ ਉਰਫ ਮਿੱਠੂ ਆਪਣੀ ਐਕਟਿਵਾ ਸਕੂਟੀ ਨੂੰ ਭੱਜਾ ਕੇ ਨਿਕਲਣ ਲੱਗਾ ਤਾਂ ਪਿੱਛਾ ਕਰਨ 'ਤੇ ਉਸਦੀ ਐਕਟਿਵਾ ਸਕੂਟਰੀ ਸਲਿੱਪ ਹੋ ਕੇ ਉਹ ਡਿੱਗ ਗਿਆ, ਜਿਸ ਕਾਰਨ ਉਸਦੇ ਸੱਟਾਂ ਲੱਗੀਆਂ ਤੇ ਪੁਲਿਸ ਪਾਰਟੀ ਵਲੋਂ ਉਸਨੂੰ ਕਾਬੂ ਕਰਕੇ ਮੁੱਕਦਮਾ ਵਿਚ ਗਿ੍ਫਤਾਰ ਕੀਤਾ ਗਿਆ | ਇਸ ਮੌਕੇ ਇੰਸ: ਬਲਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ |
ਲੜਕੀ ਪਾਸੋਂ ਮੋਬਾਈਲ ਫੋਨ ਖੋਹਣ ਮੌਕੇ ਵਿਰੋਧ ਕਰਨ 'ਤੇ ਕੁੜੀ ਦੀ ਕੱੁਟਮਾਰ ਕਰਨ ਵਾਲਾ ਮੁਲਜ਼ਮ ਕਾਬੂ
ਅਜੀਤ ਡੈਸਕ
06-02-2026