ਅੰਮਿ੍ਤਸਰ, 21 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਉਪ ਕੁਲਪਤੀ ਪ੍ਰੋ: ਕਰਮਜੀਤ ਸਿੰਘ ਦੀ ਪ੍ਰੇਰਣਾ ਨਾਲ ਭਾਈ ਸਵਿੰਦਰਪਾਲ ਸਿੰਘ, ਭਾਈ ਪ੍ਰਭਜੋਤ ਸਿੰਘ ਅਤੇ ਭਾਈ ਇੰਦਰਪਾਲ ਸਿੰਘ ਵਲੋਂ ਯੂਨੀਵਰਸਿਟੀ ਵਿਖੇ ਨਵੇਂ ਉਸਾਰੇ ਗਏ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਚੌਕ ਦਾ ਉਦਘਾਟਨ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਮੁੱਖ ਪ੍ਰਬੰਧਕ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ, ਬਰਮਿੰਘਮ, ਯੂ. ਕੇ. ਵਲੋਂ ਕੀਤਾ ਗਿਆ | ਇਸ ਮੌਕੇ ਉਪ ਕੁਲਪਤੀ ਪ੍ਰੋ: ਕਰਮਜੀਤ ਸਿੰਘ, ਭਾਈ ਸਵਿੰਦਰਪਾਲ ਸਿੰਘ ਸਮੇਤ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ | ਅਰਦਾਸ ਉਪਰੰਤ ਜੈਕਾਰਾ ਲਗਾ ਕੇ ਚੌਕ ਦਾ ਰਸਮੀ ਉਦਘਾਟਨ ਕੀਤਾ ਗਿਆ | ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਪ੍ਰੋ: ਕਰਮਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਸਮੇਤ ਵੱਖ-ਵੱਖ ਗੁਰਧਾਮਾਂ 'ਤੇ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੇ ਗੁਰੂ ਘਰ ਦੇ ਟਹਿਲੀਏ ਭਾਈ ਸਵਿੰਦਰਪਾਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਅਤੇ ਫਲਸਫੇ ਨੂੰ ਸਮਰਪਿਤ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਚੌਕ ਦੀ ਉਸਾਰੀ ਕਰਵਾਈ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਚੌਕ ਨੂੰ ਇਕ ਓਅੰਕਾਰ ਅਤੇ ਰਬਾਬ ਦੇ ਨਾਲ ਨਾਲ ਗੁਰੂ ਸਾਹਿਬ ਦੇ ਤਿੰਨ ਉਪਦੇਸ਼ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸਿਧਾਂਤ ਨਾਲ ਉਸਾਰਿਆ ਗਿਆ ਹੈ, ਜੋ ਸਾਨੂੰ ਯੂਨੀਵਰਸਿਟੀ 'ਚ ਦਾਖਲ ਹੁੰਦਿਆਂ ਹੀ ਗੁਰੂ ਸਾਹਿਬ ਦੇ ਫਲਸਫੇ ਤੋਂ ਜਾਣੰੂ ਕਰਵਾਏਗਾ | ਉਪ ਕੁਲਪਤੀ ਨੇ ਭਾਈ ਸਵਿੰਦਰਪਾਲ ਸਿੰਘ, ਭਾਈ ਸਾਹਿਬ ਭਾਈ ਮਹਿੰਦਰ ਸਿੰਘ ਯੂ. ਕੇ. ਦਾ ਧੰਨਵਾਦ ਕੀਤਾ | ਇਸ ਦੌਰਾਨ ਭਾਈ ਮਹਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਦੁਨਿਆਵੀ ਪੜ੍ਹਾਈ ਦੇ ਨਾਲ-ਨਾਲ ਆਪਣੇ ਆਪ ਨੂੰ ਅਧਿਆਤਮਿਕ ਪੱਖ ਤੋਂ ਵੀ ਪ੍ਰਪੱਕ ਬਣਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਬਣੀ ਇਸ ਯੂਨੀਵਰਸਿਟੀ 'ਚੋਂ ਗੁਰੂ ਸਾਹਿਬ ਦੇ ਸਿਧਾਤਾਂ ਦੀ ਖੁਸ਼ਬੋ ਵੀ ਆਉਣੀ ਚਾਹੀਦੀ ਹੈ | ਉਨ੍ਹਾਂ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਪ੍ਰੋ: ਕਰਮਜੀਤ ਸਿੰਘ ਦਾ ਧੰਨਵਾਦ ਕੀਤਾ | ਇਸ ਮੌਕੇ ਰਜਿਸਟਰਾਰ ਪ੍ਰੋ: ਕੇ. ਐੱਸ. ਚਾਹਲ, ਪ੍ਰੋ: ਡਾ. ਹਰਵਿੰਦਰ ਸਿੰਘ ਸੈਣੀ ਡੀਨ ਅਕਾਦਮਿਕ ਮਾਮਲੇ, ਪ੍ਰਵੀਨ ਪੁਰੀ ਡਾਇਰੈਕਟਰ ਆਦਿ ਹਾਜ਼ਰ ਸਨ |