ਅੰਮਿ੍ਤਸਰ, 23 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਡਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਅੰਮਿ੍ਤਸਰ ਦੇ ਡਵੀਜ਼ਨਲ ਕੈਰੇਜ ਅਤੇ ਵੈਗਨ ਟਰੇਨਿੰਗ ਸਕੂਲ ਵਿਖੇ ਸੁਰੱਖਿਆ ਵਿਭਾਗ ਦੀ ਟੀਮ ਦੁਆਰਾ ਇਕ ਵਿਆਪਕ ਸੁਰੱਖਿਆ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ 'ਚ ਲੋਕੋ ਪਾਇਲਟ, ਸਹਾਇਕ ਲੋਕੋ ਪਾਇਲਟ, ਪੁਆਇੰਟਸਮੈਨ, ਯਾਰਡ ਸਟਾਫ, ਕੈਰੇਜ ਅਤੇ ਵੈਗਨ ਸਟਾਫ ਅਤੇ ਟਰੈਫਿਕ ਸਟਾਫ ਸਮੇਤ 114 ਤੋਂ ਵੱਧ ਰੇਲਵੇ ਕਰਮਚਾਰੀਆਂ ਨੇ ਹਿੱਸਾ ਲਿਆ | ਵੱਖ-ਵੱਖ ਸੁਰੱਖਿਆ ਵਿਭਾਗਾਂ ਦੇ ਅਧਿਕਾਰੀਆਂ ਅਤੇ ਸੁਪਰਵਾਈਜ਼ਰਾਂ ਨੇ ਵੱਖ-ਵੱਖ ਸੁਰੱਖਿਆ ਅਤੇ ਸੁਰੱਖਿਆ ਮਾਮਲਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ | ਸੁਰੱਖਿਅਤ ਰੇਲ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਮੁੱਖ ਨੁਕਤਿਆਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ | ਡਿਊਟੀ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ, ਸ਼ੰਟਿੰਗ ਦੌਰਾਨ ਚੌਕਸੀ, ਰੇਲਵੇ ਸਿਗਨਲਾਂ ਦੀ ਪਾਲਣਾ, ਸਾਈਨ ਆਨ ਕਰਨ ਤੋਂ ਪਹਿਲਾਂ ਢੱੁਕਵਾਂ ਆਰਾਮ ਯਕੀਨੀ ਬਣਾਉਣਾ, ਅਤੇ ਸੁਰੱਖਿਅਤ ਰੇਲ ਸੰਚਾਲਨ ਵਰਗੇ ਵਿਸ਼ਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਸੈਮੀਨਾਰ ਦੌਰਾਨ ਕਰਮਚਾਰੀਆਂ ਦੁਆਰਾ ਦਿੱਤੀ ਗਈ ਸੁਰੱਖਿਆ ਸਲਾਹ 'ਤੇ ਵੀ ਵਿਚਾਰ ਕੀਤਾ ਗਿਆ | ਇਸ ਮੌਕੇ ਸਹਾਇਕ ਮੰਡਲ ਸੁਰੱਖਿਆ ਅਧਿਕਾਰੀ ਬਾਲੀ ਰਾਮ, ਖੇਤਰੀ ਪ੍ਰਬੰਧਕ ਅੰਮਿ੍ਤਸਰ ਜਗਪਾਲ ਸਿੰਘ, ਟਰੈਫਿਕ ਇੰਸਪੈਕਟਰ ਸਤਨਾਮ ਸਿੰਘ ਬਾਜਵਾ ਅਤੇ ਸਟੇਸ਼ਨ ਸੁਪਰਡੈਂਟ ਅਕਸ਼ੈ ਪਠਾਨੀਆ ਆਦਿ ਮੌਜੂਦ ਸਨ |