ਅੰਮਿ੍ਤਸਰ, 26 ਫਰਵਰੀ (ਜਸਵੰਤ ਸਿੰਘ ਜੱਸ)-ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਦਲ ਖਾਲਸਾ ਦੇ ਮੋਹਰੀ ਪੰਚਾਂ ਵਿਚੋਂ ਇਕ, ਉੱਘੇ ਸਿੱਖ ਵਿਦਵਾਨ ਅਤੇ ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼ ਦੇ ਮੁਖੀ ਭਾਈ ਹਰਸਿਮਰਨ ਸਿੰਘ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ | ਉਨ੍ਹਾਂ ਕਿਹਾ ਕਿ ਬੀਤੇ ਸਮੇਂ ਜਦੋਂ ਉਨ੍ਹਾਂ ਨੂੰ ਬ੍ਰੇਨ ਹੈਮਰੇਜ ਹੋਇਆ ਸੀ ਤਾਂ ਉਨ੍ਹਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਸੀ | ਅਜਿਹੇ ਵਿਦਵਾਨ ਪੰਥ ਵਿਚ ਵਿਰਲੇ ਹਨ ਜਿਨ੍ਹਾਂ ਨੇ ਖ਼ਾਲਸਾ ਪੰਥ ਦੀ ਸੇਵਾ ਕਰਦਿਆਂ ਬਹੁਤ ਸਾਰਾ ਸਾਹਿਤ ਕੌਮ ਨੂੰ ਦਿੱਤਾ | ਉਨ੍ਹਾਂ ਕਿਹਾ ਕਿ ਆਪਣੇ ਅੰਤਿਮ ਸਮੇਂ ਮੌਕੇ ਵੀ ਭਾਈ ਸਾਹਿਬ ਇਕ ਪੁਸਤਕ 'ਤੇ ਕਾਰਜ ਕਰ ਰਹੇ ਸਨ, ਜੋ ਸ਼ਾਇਦ ਉਹ ਪੂਰੀ ਕਰ ਚੁੱਕੇ ਹਨ | ਉਨ੍ਹਾਂ ਭਾਈ ਹਰਸਿਮਰਨ ਸਿੰਘ ਦੇ ਪਰਿਵਾਰ ਨਾਲ ਵੀ ਸੰਵੇਦਨ ਪ੍ਰਗਟ ਕੀਤੀ |