ਅੰਮਿ੍ਤਸਰ, 6 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮਿ੍ਤਸਰ ਵਿਖੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ, ਕੰਪਿਊਟਰ ਵਿਭਾਗ ਅਤੇ ਸੁਸਾਇਟੀ ਆਫ਼ ਆਰਟ ਐਂਡ ਮਲਟੀਮੀਡੀਆ ਨੇ ਸਾਂਝੇ ਤੌਰ 'ਤੇ ਕਾਲਜ ਕੈਂਪਸ 'ਚ ਐਡ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਰਚਨਾਤਮਕਤਾ ਅਤੇ ਕਲਾਤਮਕ ਪ੍ਰਗਟਾਵੇ ਨੂੰ ਉਤਸ਼ਾਹਿਤ ਕਰਨਾ ਸੀ | ਕਾਲਜ ਦੀਆਂ ਵੱਖ-ਵੱਖ ਕਲਾਸਾਂ ਦੇ 24 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਮੁਕਾਬਲੇ 'ਚ ਹਿੱਸਾ ਲਿਆ | ਵਿਦਿਆਰਥੀਆਂ ਨੂੰ ਡੀਪਫੇਕਸ, ਸਾਈਬਰ ਸੁਰੱਖਿਆ, ਡਿਜੀਟਲ ਇੰਡੀਆ, ਪ੍ਰਦੂਸ਼ਣ ਨਿਯੰਤਰਣ ਅਤੇ ਮਹਿਲਾ ਸਸ਼ਕਤੀਕਰਨ ਵਰਗੇ ਵਿਭਿੰਨ ਵਿਸ਼ਿਆਂ 'ਤੇ ਆਪਣੇ ਕੰਮ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲਿਆ | ਆਪਣੇ ਐਡ ਰਾਹੀਂ ਵਿਦਿਆਰਥੀਆਂ ਨੇ ਸਮਾਜਿਕ ਮੁੱਦਿਆਂ 'ਤੇ ਡੂੰਘਾ ਪ੍ਰਤੀਬਿੰਬ ਦਿਖਾਇਆ ਅਤੇ ਕਲਾਤਮਕ ਹੁਨਰ ਦਾ ਪ੍ਰਦਰਸ਼ਨ ਕੀਤਾ | ਜੇਤੂਆਂ ਨੂੰ ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਸਨਮਾਨਿਤ ਕੀਤਾ | ਮੁਕਾਬਲੇ ਦਾ ਨਤੀਜਾ ਸੀਨੀਅਰ ਕਾਲਜ ਪ੍ਰੋਫੈਸਰਾਂ ਦੀ ਇਕ ਜਿਊਰੀ ਦੁਆਰਾ ਕੀਤਾ ਗਿਆ | ਵਿਦਿਆਰਥੀਆਂ ਦੇ ਐਡ ਦਾ ਮੁਲਾਂਕਣ ਉਨ੍ਹਾਂ ਦੇ ਵਿਚਾਰਾਂ, ਮੌਲਿਕਤਾ, ਰਚਨਾਤਮਕਤਾ ਅਤੇ ਸੰਦੇਸ਼ ਦੀ ਸਪਸ਼ਟਤਾ ਦੇ ਆਧਾਰ 'ਤੇ ਕੀਤਾ ਗਿਆ | ਦਿ੍ਸ਼ਟੀ ਨੂੰ ਪਹਿਲਾ ਇਨਾਮ, ਜਪਨਮ ਸਿੰਘ ਨੂੰ ਦੂਜਾ ਅਤੇ ਸੁਜਾਨ ਦੁੱਗਲ ਨੂੰ ਤੀਜਾ ਇਨਾਮ ਦਿੱਤਾ ਗਿਆ | ਇਸ ਮੌਕੇ 'ਤੇ ਸਾਰੇ ਫੈਕਲਟੀ ਅਤੇ ਵੱਡੀ ਗਿਣਤੀ 'ਚ ਵਿਦਿਆਰਥੀ ਮੌਜੂਦ ਸਨ |