ਅੰਮਿ੍ਤਸਰ, 6 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮਿ੍ਤਸਰ ਦੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ, ਕੰਪਿਊਟਰ ਵਿਭਾਗ ਅਤੇ ਆਈਟਰੋਨਿਕਸ ਸੁਸਾਇਟੀ ਨੇ 'ਰੋਬੋ-ਟੈਕ ਇਨੋਵੇਟਰ-ਆਈ. ਓ. ਟੀ. ਕ੍ਰੀਟਿਵਿਟੀ' ਵਿਸ਼ੇ 'ਤੇ ਦੋ-ਰੋਜ਼ਾ ਵਰਕਸ਼ਾਪ ਦਾ ਸਫਲਤਾ ਪੂਰਵਕ ਕਰਵਾਈ | ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰੋਬੋਟਿਕਸ ਅਤੇ ਇੰਟਰਨੈੱਟ ਆਫ਼ ਥਿੰਗਜ਼ ਦੇ ਖੇਤਰ ਵਿਚ ਨਵੀਨਤਮ ਤਕਨਾਲੋਜੀਆਂ ਤੋਂ ਜਾਣੰੂ ਕਰਵਾਉਣਾ ਅਤੇ ਉਨ੍ਹਾਂ ਦੀ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਨਾ ਸੀ | ਪ੍ਰੋਗਰਾਮ ਦਾ ਉਦਘਾਟਨ ਕਾਲਜ ਦੇ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਕੀਤਾ | ਆਪਣੇ ਸੰਬੋਧਨ 'ਚ ਉਨ੍ਹਾਂ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ 'ਚ ਰੋਬੋਟਿਕਸ ਅਤੇ ਆਈਓਟੀ ਦਾ ਗਿਆਨ ਜ਼ਰੂਰੀ ਹੈ | ਇਸ ਦੋ-ਰੋਜ਼ਾ ਵਰਕਸ਼ਾਪ 'ਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਪਹਿਲੇ ਦਿਨ, ਮਾਹਿਰ ਡਾ. ਰੇਣੂ ਸ਼ਰਮਾ ਨੇ ਰੋਬੋਟਿਕਸ, ਸੈਂਸਰ ਤਕਨਾਲੋਜੀ ਅਤੇ ਮਾਈਕ੍ਰੋਕੰਟਰੋਲਰ ਦੇ ਬੁਨਿਆਦੀ ਸੰਕਲਪਾਂ 'ਤੇ ਪ੍ਰੈਕਟੀਕਲ ਸੈਸ਼ਨ ਕੀਤੇ | ਦੂਜੇ ਦਿਨ, ਭਾਗੀਦਾਰਾਂ ਨੇ ਆਈ. ਓ. ਟੀ. ਡਿਵਾਈਸਾਂ ਦੇ ਮਾਡਲਿੰਗ ਅਤੇ ਪ੍ਰੋਗਰਾਮਿੰਗ 'ਤੇ ਕੰਮ ਕੀਤਾ | ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਵਿਕਰਮ ਸ਼ਰਮਾ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ 'ਚ ਨਵੀਨਤਾ ਦੀ ਭਾਵਨਾ ਪੈਦਾ ਕਰਨਾ ਸੀ, ਜਿਸ ਨਾਲ ਉਹ ਸਟਾਰਟਅੱਪਸ ਅਤੇ ਖੋਜ 'ਚ ਭਵਿੱਖ ਦੇ ਉੱਦਮਾਂ ਨੂੰ ਅੱਗੇ ਵਧਾ ਸਕਣ | ਵਰਕਸ਼ਾਪ ਦੇ ਅਖ਼ੀਰ 'ਚ ਭਾਗੀਦਾਰਾਂ ਨੇ ਆਪਣੇ ਛੋਟੇ ਮਾਡਲ ਪੇਸ਼ ਕੀਤੇ, ਜਿਨ੍ਹਾਂ ਦੀ ਵਿਆਪਕ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ | ਆਈ. ਆਈ. ਸੀ. ਕਨਵੀਨਰ ਡਾ. ਮਨਪ੍ਰੀਤ ਕੌਰ ਨੇ ਸਾਰੇ ਟੀਮ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ 'ਚ ਵੀ ਇਸੇ ਤਰ੍ਹਾਂ ਦੀਆਂ ਤਕਨੀਕੀ ਵਰਕਸ਼ਾਪਾਂ ਦਾ ਆਯੋਜਨ ਕਰਨ ਦਾ ਭਰੋਸਾ ਦਿੱਤਾ |