ਅੰਮਿ੍ਤਸਰ, 7 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਮਾਂ, ਭੈਣ, ਪਤਨੀ ਅਤੇ ਬੇਟੀ ਦੇ ਰੂਪ 'ਚ ਮੁਹੱਬਤੀ ਪੈਗ਼ਾਮ ਵੰਡਣ ਵਾਲੀ ਔਰਤ ਨੇ ਵੱਖ-ਵੱਖ ਸਥਿਤੀਆਂ 'ਚੋਂ ਗੁਜ਼ਰਦਿਆਂ ਅਤੇ ਚੁਣੌਤੀਆਂ ਨਾਲ ਦਸਤਪੰਜਾ ਲੈਂਦਿਆਂ ਆਪਣੀ ਹੋਂਦ ਲਈ ਲਗਾਤਾਰ ਸੰਘਰਸ਼ ਕੀਤਾ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਡਾ. ਬਲਜੀਤ ਕੌਰ ਰਿਆੜ ਅਸਿਸਟੈਂਟ ਪ੍ਰੋਫ਼ੈਸਰ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਔਰਤ ਆਜ਼ਾਦ ਫਿਜ਼ਾ 'ਚ ਸੁਪਨਿਆਂ ਨੂੰ ਹਕੀਕੀ ਜਾਮਾਂ ਪਹਿਨਾਉਂਦੀ ਅੰਬਰਾਂ 'ਚ ਉਡਾਰੀਆਂ ਲਾਉਂਦੀ ਹੈ | ਅੱਜ ਦੀ ਔਰਤ ਹਰ ਪੱਖੋਂ ਆਪਣੀ ਹੋਂਦ ਅਤੇ ਹਸਤੀ ਦਾ ਲੋਹਾ ਮਨਵਾਉਂਦੀ ਮਰਦ ਤੋਂ ਵੀ ਦੋ ਕਦਮ ਅੱਗੇ ਚੱਲਣ ਵਾਲੀ ਦਲੇਰੀ ਅਤੇ ਉਤਸ਼ਾਹ ਨਾਲ ਕੰਮ ਕਰ ਰਹੀ ਹੈ | ਡਾ. ਰਿਆੜ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਹਰ ਦਿਨ ਔਰਤ ਦਿਵਸ ਹੈ ਕਿਉਂਕਿ ਰੋਜ਼ ਚੜ੍ਹਦੇ ਸੂਰਜ ਦੀ ਲਾਲੀ ਨਵੀਆਂ ਚੁਣੌਤੀਆਂ ਤੇ ਸੁਨੇਹੇ ਲੈ ਕੇ ਆਉਂਦੀ ਹੈ | ਉਨ੍ਹਾਂ ਕਿਹਾ ਕਿ ਸਮਾਜ ਦੇ ਵਿਕਾਸ ਵਿਚ ਨਿੱਗਰ ਯੋਗਦਾਨ ਲਈ ਔਰਤ ਦਾ ਸਨਮਾਨ ਜ਼ਰੂਰੀ ਹੈ |