ਅੰਮਿ੍ਤਸਰ, 7 ਮਾਰਚ (ਜਸਵੰਤ ਸਿੰਘ ਜੱਸ)-ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵਲੋਂ 'ਔਰਤਾਂ ਨੂੰ ਸਸ਼ਕਤ ਬਣਾਉਣਾ, ਭਾਰਤ ਨੂੰ ਅਮੀਰ ਬਣਾਉਣਾ : ਕਾਨੂੰਨੀ ਦਿ੍ਸ਼ਟੀਕੋਣ' ਵਿਸ਼ੇ 'ਤੇ ਇਕ ਦਿਨਾ ਸੈਮੀਨਾਰ ਕਰਵਾਇਆ ਗਿਆ | ਯੂਨੀਵਰਸਿਟੀ ਦੇ ਕਾਨੂੰਨੀ ਵਿਗਿਆਨ ਫੈਕਲਟੀ ਡੀਨ ਡਾ. ਜਸਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕਰਵਾਏ ਗਏ ਉਕਤ ਸੈਮੀਨਾਰ ਦਾ ਉਦੇਸ਼ ਨੌਜਵਾਨ ਔਰਤਾਂ ਲਈ ਲਿੰਗ ਸਮਾਨਤਾ, ਵਿੱਤੀ ਸੁਤੰਤਰਤਾ ਅਤੇ ਕਾਨੂੰਨੀ ਅਧਿਕਾਰਾਂ 'ਤੇ ਸੰਵਾਦ ਨੂੰ ਉਤਸ਼ਾਹਿਤ ਕਰਨਾ ਸੀ | ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਇਸ ਸੈਮੀਨਾਰ 'ਚ ਮਹਿਮਾਨ ਬੁਲਾਰੇ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਅਰਨੀਤ ਕੌਰ ਨੇ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ਸਮਕਾਲੀ ਸਮਾਜ 'ਚ ਪੇਸ਼ੇਵਰ ਅਤੇ ਨਿੱਜੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਲੋੜੀਂਦੇ ਆਤਮ ਵਿਸ਼ਵਾਸ ਅਤੇ ਗਿਆਨ ਨਾਲ ਮਹਿਲਾ ਵਿਦਿਆਰਥੀਆਂ ਨੂੰ ਸਸ਼ਕਤ ਬਣਾਉਣਾ ਸਮੇਂ ਦੀ ਲੋੜ ਹੈ | ਡਾ. ਅਰਨੀਤ ਕੌਰ ਨੇ ਘਰੇਲੂ ਅਤੇ ਪੇਸ਼ੇਵਰ ਖੇਤਰਾਂ 'ਚ ਲਿੰਗ-ਪ੍ਰਤੀਬੰਧਿਤ ਭੂਮਿਕਾਵਾਂ ਨੂੰ ਤੋੜਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ | ਡਾ. ਗੁਨੀਸ਼ਾ ਸਲੂਜਾ ਵਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਕਾਲਜ ਸਟਾਫ਼ ਤੇ ਵਿਦਿਆਰਥੀ ਵੀ ਹਾਜ਼ਰ ਸਨ |