ਅੰਮਿ੍ਤਸਰ, 8 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਅੰਮਿ੍ਤਸਰ ਰੁਪਿੰਦਰ ਪਾਲ ਸਿੰਘ ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਬੀ. ਐੱਨ. ਐੱਸ. ਐੱਸ. ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਅੰਮਿ੍ਤਸਰ 'ਚ ਪੈਂਦੇ ਸ੍ਰੀ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡਾ, ਅਜਨਾਲਾ ਰੋਡ, ਰਾਜਾਸਾਂਸੀ, ਅੰਮਿ੍ਤਸਰ ਦੇ ਦਿਹਾਤੀ ਅਧਿਕਾਰ ਖੇਤਰ 'ਚ ਡਰੋਨਜ਼ ਚਲਾਉਣ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾਈ ਜਾਂਦੀ ਹੈ | ਹੁਕਮਾਂ 'ਚ ਕਿਹਾ ਗਿਆ ਹੈ ਕਿ ਇਹ ਧਿਆਨ ਵਿਚ ਆਇਆ ਹੈ ਕਿ ਏਅਰਪੋਰਟ ਵਿਖੇ ਦਿਨ ਰਾਤ ਅੰਤਰ ਰਾਸ਼ਟਰੀ /ਘਰੇਲੂ ਉਡਾਣਾਂ ਆਉਂਦੀਆਂ ਤੇ ਜਾਂਦੀਆਂ ਹਨ | ਇਸ ਲਈ ਹਵਾਈ ਅੱਡੇ ਦੇ ਨਜਦੀਕ ਪੈਂਦੇ ਦਿਹਾਤੀ ਏਰੀਏ ਵਿਚ ਆਸ ਪਾਸ ਕਾਫ਼ੀ ਹੋਟਲ ਤੇ ਮੈਰਿਜ ਪੈਲੇਸ ਪੈਂਦੇ ਹਨ | ਜਿਥੇ ਆਮ ਪਬਲਿਕ ਆਪਣੇ ਫੰਕਸ਼ਨਾਂ ਦੀ ਡਰੋਨਜ ਰਾਹੀਂ ਕਵਰਿੰਗ ਕਰਦੇ ਹਨ, ਜਿਨ੍ਹਾਂ ਦੀ ਆੜ ਵਿਚ ਕੋਈ ਸਮਾਜ ਵਿਰੋਧੀ ਅਨਸਰ ਕਿਸੇ ਸਮੇਂ ਵੀ ਵੱਡੇ ਹਾਦਸੇ ਨੂੰ ਅੰਜਾਮ ਦੇ ਸਕਦੇ ਹਨ | ਇਸ ਲਈ ਏਅਰਪੋਰਟ ਦੇ ਨਜਦੀਕ ਪੈਂਦੇ ਦਿਹਾਤੀ ਏਰੀਏ 'ਚ ਅਜਿਹੀ ਘਟਨਾਵਾਂ ਨੂੰ ਰੋਕਣ ਲਈ ਡਰੋਨਜ ਕੈਮਰਾ ਉਡਾਉਣ 'ਤੇ ਪਾਬੰਦੀ ਲਗਾਈ ਜਾਂਦੀ ਹੈ | ਇਹ ਹੁਕਮ 6 ਮਈ 2026 ਤੱਕ ਲਾਗੂ ਰਹੇਗਾ | ਇਸ ਪ੍ਰਕਾਰ ਹੀ ਉਨ੍ਹਾਂ ਜ਼ਿਲ੍ਹਾ ਅੰਮਿ੍ਤਸਰ ਵਿਚ ਕੋਈ ਵੀ ਵਾਹਨ/ਆਟੋ-ਰਿਕਸ਼ਾ ਚਾਲਕ ਸਮਰੱਥਾ ਤੋਂ ਵੱਧ ਬੱਚਿਆਂ ਨੂੰ ਸਕੂਲ ਲੈ ਕੇ ਨਹੀਂ ਜਾਵੇਗਾ | ਸਮੂਹ ਸਕੂਲਾਂ ਦੇ ਪਿ੍ੰਸੀਪਲ/ਹੈੱਡਮਾਸਟਰ ਇਹ ਯਕੀਨੀ ਬਣਾਉਣਗੇ ਕਿ ਉਹ ਆਪਣੇ ਪੱਧਰ 'ਤੇ ਮਾਪਿਆਂ ਨੂੰ ਇਸ ਸੰਬੰਧੀ ਜਾਗਰੂਕ ਕਰਨਗੇ | ਇਸ ਤੋਂ ਇਲਾਵਾ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੀ ਹਦੂਦ ਅੰਦਰ ਡਰੋਨ ਯੂ. ਏ. ਵੀ., ਆਰ. ਵੀ. ਪੀ., ਆਰ. ਸੀ. ਏ., ਮਾਈਕਰੋ ਲਾਇਟ ਏਅਰਕ੍ਰਾਫਟ ਸਮੇਤ ਪੈਰਾ ਗਲਾਈਡਰ/ਹੈਂਗ ਗਲਾਈਡਰ ਨੂੰ ਬਿਨ੍ਹਾਂ ਅਗਾਉਂ ਇਜਾਜ਼ਤ ਦੇ ਉਡਾਉਣ 'ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ | ਜਾਰੀ ਹੁਕਮ 'ਚ ਕਿਹਾ ਹੈ ਕਿ ਜ਼ਿਲ੍ਹਾ ਅੰਮਿ੍ਤਸਰ 'ਚ ਪਿਛਲੇ ਸਮੇਂ ਦੌਰਾਨ ਪ੍ਰਾਪਤ ਹੋਈਆਂ ਇੰਟੈਲੀਜੈਂਸ ਇੰਨਪੁਟਸ ਦੇ ਮੁਤਾਬਿਕ ਸਰਹੱਦ ਪਾਰ ਤੋਂ ਡਰੋਨ ਰਾਹੀਂ ਅਸਲਾ ਵਗੈਰਾ ਦੀ ਖੇਪ ਭਾਰਤ 'ਚ ਭੇਜਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ, ਜਿਸ ਨੂੰ ਧਿਆਨ 'ਚ ਰੱਖਦੇ ਹੋਏ ਭਵਿੱਖ 'ਚ ਅਜਿਹੀ ਕਿਸੇ ਵੀ ਤਰ੍ਹਾਂ ਦੀ ਘਟਨਾ ਦੀ ਰੋਕਥਾਮ ਲਈ ਏਅਰ ਫੋਰਸ ਸਟੇਸ਼ਨ ਦੇ ਨੇੜੇ ਡਰੋਨ/ ਕਵਾਡਕਾਪਟਰ ਦੇ ਉਡਾਣ ਭਰਣ 'ਤੇ ਪਾਬੰਦੀ ਲਗਾਈ ਜਾਣੀ ਲਾਜ਼ਮੀ ਹੈ | ਇਹ ਹੁਕਮ 21 ਮਈ 2026 ਤੱਕ ਲਾਗੂ ਰਹੇਗਾ |