ਅੰਮਿ੍ਤਸਰ, 8 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਚਾਰ ਖੱਬੀਆਂ ਪਾਰਟੀਆਂ ਸੀ. ਪੀ. ਆਈ., ਸੀ. ਪੀ. ਆਈ. ਐੱਮ., ਆਰ. ਐੱਮ. ਪੀ. ਆਈ. ਅਤੇ ਸੀ. ਪੀ. ਆਈ ਐੱਮ. ਐੱਲ. (ਲਿਬਰੇਸ਼ਨ) ਦੇ ਕਾਰਕੁੰਨਾ ਵਲੋਂ ਅੱਜ ਪੁਤਲੀਘਰ ਚੌਂਕ ਵਿਖੇ ਅਮਰੀਕਾ ਅਤੇ ਇਜਰਾਈਲ ਦੇ ਰਾਸ਼ਟਰਪਤੀਆਂ ਦੇ ਪੁਤਲੇ ਫੂਕੇ ਗਏ | ਇਸ ਮੌਕੇ ਸੰਬੋਧਨ ਕਰਦਿਆਂ ਸਾਥੀ ਅਮਰਜੀਤ ਸਿੰਘ ਆਸਲ, ਰਤਨ ਸਿੰਘ ਰੰਧਾਵਾ, ਚਰਨਜੀਤ ਸਿੰਘ ਮਜੀਠਾ, ਸੁੱਚਾ ਸਿੰਘ ਅਜਨਾਲਾ, ਜਗਤਾਰ ਸਿੰਘ ਕਰਮਪੁਰਾ, ਲਖਬੀਰ ਸਿੰਘ ਨਿਜਾਮਪੁਰ, ਵਿਜੈ ਕਪੂਰ, ਦਸਵਿੰਦਰ ਕੌਰ, ਕੰਵਲਜੀਤ ਕੌਰ ਅਤੇ ਬਲਬੀਰ ਸਿੰਘ ਮੂਧਲ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇਜਰਾਈਲ ਨਾਲ ਮਿਲ ਕਿ ਜੋ ਹਮਲਾ ਇਰਾਨ ਦੇ ਲੋਕਾਂ ਤੇ ਕੀਤਾ ਹੈ, ਉਸ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਇਸ ਜੰਗ ਦੇ ਪੂਰੀ ਦੁਨੀਆ 'ਤੇ ਪੈਣ ਵਾਲੇ ਪ੍ਰਭਾਵਾਂ ਨਾਲ ਮਹਿੰਗਾਈ ਬੇਰੁਜਗਾਰੀ 'ਚ ਹੋਰ ਵਾਧਾ ਹੋਵੇਗਾ | ਖਾਸ ਕਰਕੇ ਭਾਰਤ ਦੀ ਸਰਕਾਰ ਜਿਸ ਤਰ੍ਹਾਂ ਅਮਰੀਕੀ ਹਾਕਮਾਂ ਦੇ ਥੱਲੇ ਲੱਗਕੇ ਹਿੰਦੋਸਤਾਨ ਦੇ ਗੌਰਵ ਨੂੰ ਢਾਹ ਲਾ ਰਹੀ ਹੈ | ਇਸ ਦੇ ਦੂਰ ਰਸ ਅਤੇ ਭਿਆਨਕ ਸਿੱਟੇ ਨਿਕਲਣਗੇ | ਉਨ੍ਹਾਂ ਕਿਹਾ ਕਿ ਇਸ ਜੰਗ ਨਾਲ ਜਿਥੇ ਵਸਤਾਂ ਦੀਆਂ ਕੀਮਤਾਂ 'ਚ ਵਾਧਾ ਹੋਵੇਗਾ | ਉਥੇ ਹੀ ਤੇਲ ਦੀਆਂ ਕੀਮਤਾਂ ਵਧਣ ਨਾਲ ਆਮ ਖਪਤਕਾਰਾਂ ਤੇ ਮਹਿੰਗਾਈ ਦਾ ਬੋਝ ਹੋਰ ਵਧੇਗਾ, ਜਿਸ ਦਾ ਪਹਿਲਾ ਪ੍ਰਭਾਵ ਭਾਰਤ ਸਰਕਾਰ ਵਲੋਂ ਕੱਲ ਰਾਤ ਗੈਸ ਦੇ ਘਰੇਲੂ ਖਪਤਕਾਰਾਂ ਦੇ ਸਲੰਡਰ 'ਚ 60 ਰੁਪਏ ਅਤੇ ਕਮਰਸ਼ੀਅਲ ਸਲੰਡਰ ਦੀ ਕੀਮਤ 'ਚ 140 ਰੁਪਏ ਦਾ ਵਾਧਾ ਕਰਕੇ ਲੋਕਾਂ ਤੇ ਬੋਝ ਲੱਦ ਦਿੱਤਾ ਹੈ | ਬੁਲਾਰਿਆਂ ਨੇ ਮੰਗ ਕਰਦਿਆਂ ਕਿਹਾ ਕਿ ਇਸ ਜੰਗ ਦੀ ਮਾਰ ਹੇਠ ਪੰਜਾਬ ਅਤੇ ਹਰਿਆਣਾ ਦੇ ਬਾਸਮਤੀ ਪੈਦਾ ਕਰਨ ਵਾਲੇ ਕਿਸਾਨਾਂ ਵਪਾਰੀਆਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਸਮੁੰਦਰੀ ਰਸਤੇ ਹੋਣ ਵਾਲੀ ਸਾਰੀ ਦਰਾਮਦ ਬੰਦ ਹੋ ਗਈ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਵੇਰਕਾ, ਰਜੇਸ਼ ਯਾਦਵ, ਕੁੱਲਵੰਤ ਰਾਏ ਬਾਵਾ, ਮੰਗਲ ਸਿੰਘ ਬਾਸਰਕੇ, ਸਵਿੰਦਰ ਸਿੰਘ ਮੀਰਾਂ ਕੋਟ ਆਦਿ ਹਾਜ਼ਰ ਸਨ |