ਛੇਹਰਟਾ, 8 ਮਾਰਚ (ਪੱਤਰ ਪ੍ਰੇਰਕ)-ਇਤਿਹਾਸਿਕ ਗੁਰਦੁਆਰਾ ਬੋੜੀ ਸਾਹਿਬ ਦੇ ਪ੍ਰਧਾਨ ਸੁਵਿੰਦਰ ਸਿੰਘ ਕੋਟ ਖਾਲਸਾ ਤੇ ਗੁਰਦੁਆਰਾ ਸਰਕਾਰ ਪੱਤੀ ਕੋਟ ਖਾਲਸਾ ਦੇ ਪ੍ਰਧਾਨ ਜਥੇ. ਮੇਜਰ ਸਿੰਘ ਸਰਕਾਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ, ਗਲਤ ਅਨਸਰਾ ਦੇ ਹੌਂਸਲੇ ਇੰਨੇ ਵੱਧ ਚੁੱਕੇ ਹਨ ਕਿ ਉਨ੍ਹਾਂ ਵਲੋਂ ਸੂਬੇ ਵਿਚ ਰੋਜ਼ਾਨਾ ਹੀ ਕਿਤੇ ਨਾ ਕਿਤੇ ਘਿਨਾਉਣੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਦਿਨ ਦਿਹਾੜੇ ਲੋਕਾਂ ਦੀਆਂ ਹੱਤਿਆ ਕੀਤੀਆਂ ਜਾ ਰਹੀਆਂ, ਲੋਕਾਂ ਨੂੰ ਬੰਦੀ ਬਣਾ ਕੇ ਲੁੱਟਿਆ ਜਾ ਰਿਹਾ ਹੈ ਤੇ ਬੀਤੇ ਦਿਨ ਅੰਮਿ੍ਤਸਰ ਵਿਖੇ ਇਕ ਕੌਂਸਲਰ ਦੇ ਘਰ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਨਾਲ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਗਹਿਰੀ ਨੀਂਦ ਸੌਂ ਰਹੀ ਹੈ | ਪ੍ਰਧਾਨ ਸੰਧੂ ਤੇ ਸਰਕਾਰੀਆ ਨੇ ਅੱਗੇ ਕਿਹਾ ਕਿ ਬੀਤੇ ਦਿਨ ਪਿੰਡ ਸਠਿਆਲਾ ਸਥਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਹੋਈ ਬੇਅਦਬੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਲਗਾਤਾਰ ਵਾਪਰ ਰਹੀਆਂ ਬੇਅਦਬੀਆਂ ਦੀ ਘਟਨਾਵਾਂ 'ਤੇ ਵੀ ਚਿੰਤਾ ਜ਼ਾਹਰ ਕੀਤੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਲਗਾਤਾਰ ਵਾਪਰਨਾ ਵੱਡੀ ਸਾਜਿਸ਼ ਹੈ, ਜਿਸ ਦੇ ਦੋਸ਼ੀਆਂ ਨੂੰ ਸਾਹਮਣੇ ਲਿਆਉਣਾ ਸਰਕਾਰ ਦੀ ਜ਼ੁੰਮੇਵਾਰੀ ਹੈ |