ਅੰਮਿ੍ਤਸਰ, 9 ਮਾਰਚ (ਰੇਸ਼ਮ ਸਿੰਘ)-ਇੰਡਿਅਨ ਡੈਂਟਲ ਐਸੋਸੀਏਸ਼ਨ ਦੀ ਅੰਮਿ੍ਤਸਰ ਸ਼ਾਖਾ ਵਲੋਂ ਪ੍ਰਧਾਨ ਡਾ. ਕਮਲਦੀਪ ਸ਼ਰਮਾ ਅਤੇ ਸਕੱਤਰ ਡਾ. ਨਿਤਿਨ ਵਰਮਾ ਦੀ ਯੋਗ ਅਗਵਾਈ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਡੈਂਟਲ ਪੇਸ਼ੇਵਰਾਂ ਲਈ ਇਕ ਗਿਆਨਵਰਧਕ ਅਕਾਦਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਪ੍ਰਸਿੱਧ ਕੌਮਾਂਤਰੀ ਬੁਲਾਰੇ ਅਤੇ ''ਜ਼ੈਨ ਡੈਂਟਿਸਟ'' ਡਾ. ਵਿਸ਼ਾਲ ਗੁਪਤਾ ਵਲੋਂ ਦਿੱਤਾ ਗਿਆ ਭਾਸ਼ਣ ਹੋ ਨਿਬੜਿਆ | ਉਨ੍ਹਾਂ ਨੇ ਕੰਪੋਜ਼ਿਟ ਵੀਨੀਅਰਜ਼ ਵਿਸ਼ੇ 'ਤੇ ਜਾਣਕਾਰੀ ਭਰਪੂਰ ਪ੍ਰਸਤੁਤੀ ਦਿੱਤੀ ਅਤੇ ਡੈਂਟਿਸਟਾਂ ਨੂੰ ਆਧੁਨਿਕ ਤਕਨੀਕਾਂ ਅਤੇ ਐਸਥੈਟਿਕ ਸਕਿਲਜ਼ ਬਾਰੇ ਕੀਮਤੀ ਕਲੀਨੀਕਲ ਜਾਣਕਾਰੀ ਸਾਂਝੀ ਕੀਤੀ, ਜਿਸ ਨਾਲ ਉਨ੍ਹਾਂ ਨੂੰ ਆਪਣੀ ਰੋਜ਼ਾਨਾ ਪ੍ਰੈਕਟਿਸ ਵਿਚ ਨਵੀਆਂ ਤਕਨੀਕਾਂ ਅਪਣਾਉਣ ਲਈ ਪ੍ਰੇਰਣਾ ਮਿਲੀ | ਇਸ ਸਮਾਗਮ ਵਿਚ ਕਈ ਪੋਸਟਗ੍ਰੈਜੂਏਟ ਡੈਂਟਲ ਵਿਦਿਆਰਥੀਆਂ ਅਤੇ ਡੈਂਟਲ ਪ੍ਰੈਕਟੀਸ਼ਨਰਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣਾ ਗਿਆਨ ਵਧਾਉਣ ਨਾਲ ਨਾਲ ਕਲੀਨੀਕਲ ਮੁਹਾਰਤ ਨੂੰ ਨਿਖਾਰਨ ਦਾ ਮੌਕਾ ਪ੍ਰਾਪਤ ਕੀਤਾ | ਵਿਸ਼ੇਸ਼ ਮਹਿਮਾਨਾਂ ਵਜੋਂ ਡਾ. ਅਮਨਦੀਪ ਕੌਰ ਡਾਇਰੈਕਟਰ ਅਮਨਦੀਪ ਗਰੁੱਪ ਆਫ ਹਸਪਤਾਲ ਅਤੇ ਡਾ. ਨਵਨੀਤ ਗਰੇਵਾਲ, ਗਰੇਵਾਲ ਡੈਂਟਲ ਕਲੀਨਿਕ ਵੀ ਹਾਜ਼ਰ ਰਹੇ | ਉਨ੍ਹਾਂ ਨੇ ''ਬੈਸਟ ਸਮਾਈਲ ਐਕਟਿਵਿਟੀ'' ਲਈ ਜੱਜ ਵਜੋਂ ਭੂਮਿਕਾ ਨਿਭਾਈ |