ਹਰਸਾ ਛੀਨਾ, 11 ਮਾਰਚ (ਕੜਿਆਲ)-ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਹੇ ਦੇਸ਼ ਭਗਤ ਕਾਮਰੇਡ ਅੱਛਰ ਸਿੰਘ ਛੀਨਾ ਦੀ 45ਵੀਂ ਬਰਸੀ ਮੌਕੇ ਉਨ੍ਹਾਂ ਦੀ ਸਮਾਧ 'ਤੇ ਕਮਿਊਨਿਸਟ ਪਾਰਟੀ ਦਾ ਝੰਡਾ ਲਹਿਰਾਇਆ ਗਿਆ | ਇਸ ਸੰਬੰਧੀ ਅਜਨਾਲਾ-ਅੰਮਿ੍ਤਸਰ ਮੁੱਖ ਮਾਰਗ 'ਤੇ ਸਥਿਤ ਦੇਸ਼ ਭਗਤ ਕਾਮਰੇਡ ਅੱਛਰ ਸਿੰਘ ਛੀਨਾ ਦੀ ਸਮਾਧ 'ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਵਲੋਂ ਪ੍ਰਭਾਵਸ਼ਾਲੀ ਸਮਾਗਮ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਛੀਨਾ ਦੀ ਅਗਵਾਈ ਹੇਠ ਹੋਇਆ, ਜਿਸ ਵਿਚ ਯੂਨੀਅਨ ਦੇ ਸੂਬਾ ਆਗੂ ਧਨਵੰਤ ਸਿੰਘ ਖਤਰਾਏ ਕਲਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਦੇਸ਼ ਭਗਤ ਛੀਨਾ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਉਪਰੰਤ ਉਨ੍ਹਾਂ ਦੀ ਸਮਾਧ 'ਤੇ ਪਾਰਟੀ ਦਾ ਝੰਡਾ ਲਹਿਰਾਉਂਦਿਆਂ ਇਨਕਲਾਬੀ ਨਾਅਰੇ ਲਗਾਏ ਗਏ | ਇਕੱਤਰ ਕਿਸਾਨ-ਮਜ਼ਦੂਰਾਂ ਵਲੋਂ ਕਿਰਤੀ ਲੋਕਾਂ ਦੀ ਹਮੇਸ਼ਾਂ ਆਵਾਜ ਬਣਦੇ ਰਹੇ ਦੇਸ਼ ਭਗਤ ਛੀਨਾ ਵਲੋਂ ਪਾਏ ਪੂਰਨਿਆਂ ਤੇ ਚੱਲਦਿਆਂ ਉਨ੍ਹਾਂ ਦੇ ਅਸ਼ਧੂਰੇ ਕਾਰਜਾਂ ਨੂੰ ਪੂਰਾ ਕਰਨ ਦਾ ਪ੍ਰਣ ਲਿਆ ਗਿਆ | ਸਵ. ਛੀਨਾ ਦੀ ਜੀਵਨੀ ਸੰਬੰਧੀ ਬੋਲਦਿਆਂ ਵੱਖ-ਵੱਖ ਬੁਲਾਰਿਆਂ ਦੱਸਿਆ ਕਿ ਆਪ 1934 ਵਿਚ ਕਮਿਊਨਿਸਟ ਪਾਰਟੀ ਅਤੇ 1942 ਵਿਚ ਪੰਜਾਬ ਕਿਸਾਨ ਸਭਾ ਦੇ ਸੂਬਾ ਸਕੱਤਰ ਬਣੇ | 1946 ਵਿਚ ਅੰਗਰੇਜਾਂ ਖ਼ਿਲਾਫ਼ ਮੋਘੇ ਮੋਰਚੇ ਦੀ ਅਗਵਾਈ ਕੀਤੀ ਤੇ ਸਫਲਤਾ ਹਾਸਿਲ ਕੀਤੀ | 1952 ਵਿਚ ਜੇਲ੍ਹ ਵਿਚੋਂ ਵਿਧਾਨ ਸਭਾ ਦੀ ਚੋਣ ਜਿਤੇ, 1957 ਵਿਚ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਚੁਣੇ ਗਏ | 11 ਮਾਰਚ 1981 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ | ਇਸ ਸਮੇਂ ਗੁਰਮੀਤ ਸਿੰਘ ਭਲਾ ਪਿੰਡ, ਅਵਤਾਰ ਸਿੰਘ ਛੀਨਾ, ਕਾਬਲ ਸਿੰਘ ਛੀਨਾ, ਬਾਬਾ ਸੁੱਚਾ ਸਿੰਘ, ਜਗਬੀਰ ਸਿੰਘ ਲੱਲਾ, ਖਜਾਨ ਸਿੰਘ, ਬਿਕਰਮਜੀਤ ਸਿੰਘ, ਸਤਵੰਤ ਸਿੰਘ ਛੀਨਾ, ਸਾ. ਸਰਪੰਚ ਸਾਧਾ ਸਿੰਘ, ਰੌਸ਼ਨ ਸਿੰਘ ਲੱਲਾ ਅਫ਼ਗਾਨਾ, ਰਘਬੀਰ ਸਿੰਘ ਆਦਿ ਹਾਜ਼ਰ ਸਨ |