ਅੰਮਿ੍ਤਸਰ, 2 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਹਨੂੰਮਾਨ ਜੈਅੰਤੀ ਦਾ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਮੰਦਰਾਂ 'ਚ ਵਿਸ਼ੇਸ਼ ਪੋ੍ਰਗਰਾਮ ਵੀ ਕਰਵਾਏ ਗਏ | ਸ੍ਰੀ ਦੁਰਗਿਆਣਾ ਤੀਰਥ ਸਥਿਤ ਵੱਡਾ ਹਨੂੰਮਾਨ ਮੰਦਰ ਵਿਖੇ ਸ੍ਰੀ ਹਨੂੰਮਾਨ ਜੈਅੰਤੀ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ ਮੰਦਰ ਨੂੰ ਫੁੱਲਾਂ ਨਾਲ ਸ਼ਿੰਗਾਰਿਆ ਗਿਆ, ਜਿੱਥੇ ਵੱਡੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਏ | ਮੰਦਰ 'ਚ ਸਾਰਾ ਦਿਨ ਸੰਕੀਰਤਨ ਚੱਲਦਾ ਰਿਹਾ | ਕਮੇਟੀ ਪ੍ਰਧਾਨ ਪੋ੍ਰ. ਲਕਸ਼ਮੀਕਾਂਤਾ ਚਾਵਲਾ, ਜਨਰਲ ਸਕੱਤਰ ਅਰੁਣ ਖੰਨਾ ਨੇ ਵੀ ਸਾਰਿਆਂ ਨੂੰ ਇਸ ਦਿਹਾੜੇ ਦੀ ਵਧਾਈ ਦਿੱਤੀ | ਇਸ ਤੋਂ ਇਲਾਵਾ ਪ੍ਰੇਮ ਨਗਰ ਸਥਿਤ ਸੰਕਟ ਮੋਚਨ ਸ੍ਰੀ ਹਨੂੰਮਾਨ ਮੰਦਰ ਵਿਖੇ ਮਹੰਤ ਰਾਘਵ ਦਾਸ ਮਹਾਰਾਜ ਦੀ ਅਗਵਾਈ ਹੇਠ ਸ੍ਰੀ ਹਨੂੰਮਾਨ ਜੈਅੰਤੀ ਦਾ ਦਿਹਾੜਾ ਮਨਾਇਆ ਗਿਆ | ਇਸ ਮੌਕੇ ਪੰਚ ਅੰਮਿ੍ਤ ਇਸ਼ਨਾਨ ਕਰਵਾਏ ਅਤੇ ਸਿੰਦੂਰ ਦਾ ਚੋਲਾ ਚੜ੍ਹਾਇਆ ਗਿਆ | ਹਵਨ ਯੱਗ ਅਤੇ ਆਰਤੀ ਕੀਤੀ ਗਈ | ਮਾਤਾ ਸੁਧਾ ਧਾਮ ਮੰਦਿਰ ਦੇ ਮਾਤਾ ਸੁਧਾ ਦੇਵੀ, ਸ੍ਰੀ ਵੈਸ਼ਨੋ ਦਰਬਾਰ ਸੁੰਦਰ ਨਗਰ ਦੇ ਮਾਤਾ ਸ਼ਾਰਦਾ ਦੇਵਾ, ਸ੍ਰੀ ਜੋਤੀ ਮਾਤਾ ਮੰਦਰ ਦੇ ਸੰਤ ਧਿਆਨ ਦਾਸ ਸਮੇਤ ਕਈ ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਪੋ੍ਰਗਰਾਮ 'ਚ ਭਜਨ ਸਮਰਾਟ ਰਾਜੀਵ ਵੈਸ਼ਨਵ, ਰਿੰਕੂ ਸਾਂਵਾਰੀ, ਅਭਿਸ਼ੇਕ ਸ਼ਰਮਾ, ਸਾਹਿਲ ਮਹਾਜਨ, ਕੁਮਾਰ ਮੁਕੇਸ਼ ਨੇ ਭਜਨਾਂ ਰਾਹੀਂ ਸ਼ਰਧਾਲੂਆਂ ਨੂੰ ਨਿਹਾਲ ਕੀਤਾ | ਲੰਗਰ ਭੰਡਾਰਾ ਸਾਰਾ ਦਿਨ ਚੱਲਦਾ ਰਿਹਾ | ਇਸ ਮੌਕੇ ਈ. ਐੱਮ. ਸੀ. ਹਸਪਤਾਲ ਵਲੋਂ ਖ਼ੂਨਦਾਨ ਅਤੇ ਮੁਫ਼ਤ ਮੈਡੀਕਲ ਜਾਂਚ ਕੈਂਪ ਵੀ ਲਗਾਇਆ ਗਿਆ |