ਅੰਮਿ੍ਤਸਰ, 2 ਅਪ੍ਰੈਲ (ਸੁਰਿੰਦਰ ਕੋਛੜ)-ਕੇਂਦਰ ਅਤੇ ਸੂਬਾ ਸਰਕਾਰ ਦੇ ਆਦੇਸ਼ਾਂ 'ਤੇ ਅੰਮਿ੍ਤਸਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਲਿ੍ਹਆਂਵਾਲਾ ਬਾਗ ਸਾਕੇ 'ਚ ਸ਼ਹੀਦ ਹੋਣ ਵਾਲਿਆਂ ਦੀ ਨਵੀਂ ਤਿਆਰ ਕੀਤੀ ਗਈ ਸੂਚੀ 'ਚ ਉਨ੍ਹਾਂ ਪਰਿਵਾਰਾਂ ਨੂੰ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕੀਤਾ ਗਿਆ ਹੈ ਜਿਨ੍ਹਾਂ ਨੇ ਅੰਗਰੇਜ਼ ਸਰਕਾਰ ਵਲੋਂ ਸਾਕੇ 'ਚ ਮਾਰੇ ਗਏ ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਮੁਆਵਜ਼ੇ ਦੀ ਰਕਮ ਨੂੰ ਠੁਕਰਾ ਕੇ ਸਾਕੇ ਦੇ ਸ਼ਹੀਦਾਂ ਨੂੰ ਸਨਮਾਨ ਦਵਾਇਆ ਸੀ | ਮੁਆਵਜ਼ੇ ਦੀ ਰਕਮ ਨੂੰ ਠੁਕਰਾਉਣ ਵਾਲੀਆਂ ਅੰਮਿ੍ਤਸਰ ਦੀਆਂ ਦੋ ਗ਼ੈਰਤਮੰਦ ਬੀਬੀਆਂ ਅਤਰ ਕੌਰ ਅਤੇ ਰਤਨ ਦੇਈ, 'ਚੋਂ ਅਤਰ ਕੌਰ ਦਾ ਪਰਿਵਾਰ ਅਜੇ ਵੀ ਦਿੱਲੀ ਵਿਖੇ ਦਵਾਰਕਾ ਆਬਾਦੀ 'ਚ ਤੰਗਹਾਲੀ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ | ਇਹ ਪਰਿਵਾਰ ਨੇ ਨਾਰਾਜ਼ਗੀ ਜਤਾਈ ਹੈ ਕਿ ਉਨ੍ਹਾਂ ਨੂੰ ਇਸ ਹੱਦ ਤੱਕ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਕਿ ਹਰ ਸਾਲ 13 ਅਪ੍ਰੈਲ ਨੂੰ ਜਲਿ੍ਹਆਂਵਾਲਾ ਬਾਗ 'ਚ ਹੋਣ ਵਾਲੇ ਸਰਕਾਰੀ ਸਮਾਗਮ 'ਚ ਸ਼ਾਮਿਲ ਹੋਣ ਲਈ ਉਨ੍ਹਾਂ ਨੂੰ ਕਦੇ ਸੱਦਾ ਤੱਕ ਵੀ ਨਹੀਂ ਭੇਜਿਆ ਗਿਆ | ਦੱਸਣਯੋਗ ਹੈ ਕਿ ਉਕਤ ਸਾਕੇ ਦੇ ਦੋ ਸਾਲ ਬਾਅਦ 15 ਜੂਨ 1921 ਨੂੰ ਅੰਗਰੇਜ਼ ਸਰਕਾਰ ਦੁਆਰਾ ਜਲਿ੍ਹਆਂਵਾਲਾ ਬਾਗ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ | ਜਿਸ ਦੇ ਚੱਲਦਿਆਂ ਬਾਗ 'ਚ ਸ਼ਹੀਦ ਹੋਣ ਵਾਲਿਆਂ ਦੇ ਪਰਿਵਾਰਾਂ ਦੇ ਨਾਲ-ਨਾਲ ਉਨ੍ਹਾਂ ਸਭ ਲੋਕਾਂ ਨੂੰ ਵੀ ਮੁਆਵਜ਼ਾ ਦਿੱਤਾ ਗਿਆ, ਜਿਨ੍ਹਾਂ ਦਾ ਉਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਨੁਕਸਾਨ ਹੋਇਆ ਸੀ | ਜਦਕਿ ਇਸ ਸਾਕੇ 'ਚ ਸ਼ਹੀਦ ਹੋਣ ਵਾਲਿਆਂ 'ਚੋਂ ਛੱਜੂ ਮੱਲ ਦੀ ਵਿਧਵਾ ਬੀਬੀ ਰਤਨ ਦੇਈ ਅਤੇ ਭਾਗ ਮਲ ਭਾਟੀਆ ਦੀ ਵਿਧਵਾ ਬੀਬੀ ਅਤਰ ਕੌਰ ਨੇ ਅੰਗਰੇਜ਼ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਮੁਆਵਜ਼ੇ ਦੇ 25 ਹਜ਼ਾਰ ਰੁਪਏ ਇਹ ਕਹਿ ਕੇ ਲੈਣ ਤੋਂ ਮਨ੍ਹਾ ਕਰ ਦਿੱਤੇ ਕਿ ਉਹ ਹਤਿਆਰੀ ਸਰਕਾਰ ਪਾਸੋਂ ਆਪਣੇ ਪਤੀਆਂ ਦੇ ਕਤਲ ਦਾ ਮੁੱਲ ਨਹੀਂ ਵਟਣਗੀਆਂ | ਬੀਬੀ ਅਤਰ ਕੌਰ (ਦਿਹਾਂਤ 31 ਜਨਵਰੀ 1964), ਜੋ ਉਕਤ ਸਾਕੇ ਸਮੇਂ ਗਰਭਵਤੀ ਸੀ, ਉਸ ਰਾਤ ਹਿੰਮਤ ਕਰਕੇ ਇਕ ਵਿਅਕਤੀ ਦੀ ਮਦਦ ਨਾਲ ਆਪਣੇ ਪਤੀ ਦੀ ਲਾਸ਼ ਆਪਣੇ ਘਰ ਲੈ ਆਈ ਸੀ | ਉਨ੍ਹੀਂ ਦਿਨੀਂ ਉਨ੍ਹਾਂ ਦਾ ਪਰਿਵਾਰ ਅੰਮਿ੍ਤਸਰ ਦੇ ਮੋਹਨ ਨਗਰ 'ਚ ਰਹਿ ਰਿਹਾ ਸੀ | ਉਸ ਵੇਲੇ ਉਨ੍ਹਾਂ ਦਾ ਵੱਡਾ ਪੁੱਤਰ ਮੋਹਨ ਲਾਲ 4-5 ਸਾਲ ਦਾ ਸੀ, ਜੋ ਕਿ ਆਪਣੇ ਪਿਤਾ ਦਾ ਕਾਰੋਬਾਰ ਸੰਭਾਲਣ ਦੇ ਯੋਗ ਨਹੀਂ ਸੀ | ਜਿਸ ਕਾਰਨ ਜਲਦੀ ਬਾਅਦ ਉਨ੍ਹਾਂ ਦਾ ਕਾਰੋਬਾਰ ਬਿਲਕੁਲ ਬੰਦ ਹੋ ਗਿਆ ਅਤੇ ਪਰਿਵਾਰ ਆਰਥਿਕ ਸੰਕਟ 'ਚ ਆ ਗਿਆ | ਇਸ ਦੇ ਬਾਵਜੂਦ ਅਤਰ ਕੌਰ ਨੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਅਤੇ ਬੱਚਿਆਂ ਦਾ ਢਿੱਡ ਪਾਲਿਆ ਪਰ ਅੰਗਰੇਜ਼ ਸਰਕਾਰ ਅੱਗੇ ਆਰਥਿਕ ਮਦਦ ਲਈ ਝੋਲੀ ਨਹੀਂ ਅੱਢੀ | ਸਾਕੇ ਦੇ 7 ਮਹੀਨੇ ਬਾਅਦ ਪੈਦਾ ਹੋਏ ਉਨ੍ਹਾਂ ਦੇ ਪੁੱਤਰ ਸੋਹਨ ਲਾਲ ਭਾਰਤੀ ਨੂੰ ਤਤਕਾਲੀ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੇ 'ਅਭਿਮਨਯੂ' ਅਤੇ ਪੰਡਤ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਗਿਆਨੀ ਜ਼ੈਲ ਸਿੰਘ ਆਦਿ ਨੇ ਵੱਖ-ਵੱਖ ਸਨਮਾਨਜਨਕ ਨਾਵਾਂ ਨਾਲ ਨਿਵਾਜਿਆ, ਪਰ ਆਜ਼ਾਦ ਭਾਰਤ ਦੀ ਕਿਸੇ ਵੀ ਕੇਂਦਰੀ ਜਾਂ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਕੋਈ ਆਰਥਿਕ ਸਹਾਇਤਾ ਨਹੀਂ ਦਿੱਤੀ | ਦਿੱਲੀ ਵਿਖੇ ਰਹਿ ਰਹੇ ਸੋਹਨ ਲਾਲ ਭਾਰਤੀ ਦੇ ਪਰਿਵਾਰਕ ਮੈਂਬਰਾਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਲ 1984 ਦੇ ਦੰਗਿਆਂ 'ਚ ਸੋਹਨ ਲਾਲ ਦੀ ਬਿਜਲੀ ਦੀ ਦੁਕਾਨ ਸੜ ਜਾਣ ਦੇ ਕਾਰਨ ਉਹ ਅਤੇ ਉਨ੍ਹਾਂ ਦਾ ਪਰਿਵਾਰ ਇਕ ਵਾਰ ਮੁੜ ਆਰਥਿਕ ਤੰਗੀ ਦਾ ਸ਼ਿਕਾਰ ਹੋ ਕੇ ਰੋਜ਼ੀ-ਰੋਟੀ ਦੀ ਤਲਾਸ਼ 'ਚ ਦਿੱਲੀ ਚਲੇ ਗਏ | ਉਨ੍ਹਾਂ ਦੇ ਪੁੱਤਰ ਰਵੀ ਭਾਟੀਆ ਅਤੇ ਉਨ੍ਹਾਂ ਦੀ ਪਤਨੀ ਵਿਨੈ ਭਾਟੀਆ ਨੇ ਦੱਸਿਆ ਕਿ ਦਿੱਲੀ 'ਚ ਆਰਥਿਕ ਤੰਗੀ ਦੇ ਚੱਲਦਿਆਂ ਸੋਹਨ ਲਾਲ ਭਾਰਤੀ ਦੀ ਸਾਲ 2011 'ਚ ਉੱਚਿਤ ਇਲਾਜ ਸਹੂਲਤਾਂ ਨਾ ਮਿਲਣ ਕਰਕੇ ਮੌਤ ਹੋ ਗਈ ਅਤੇ ਹੁਣ ਉਸੇ ਮੰਦੀ ਦੇ ਦੌਰ 'ਚ ਉਨ੍ਹਾਂ ਦਾ ਪਰਿਵਾਰ ਗੁਜ਼ਰ ਰਿਹਾ ਹੈ | ਵਿਨੈ ਭਾਟੀਆ ਨੇ ਉਨ੍ਹਾਂ ਦੇ ਸੋਹਰੇ ਸੋਹਨ ਲਾਲ ਭਾਰਤੀ ਨੂੰ ਪੰਜਾਬ ਸਰਕਾਰ ਦੇ ਪੋਲੀਟੀਕਲ ਵਿਭਾਗ ਵਲੋਂ 30 ਅਗਸਤ 1972 ਨੂੰ 'ਸੁਤੰਤਰਤਾ ਸੈਨਾਨੀ' ਵਜੋਂ ਜਾਰੀ ਕੀਤਾ ਸਰਟੀਫਿਕੇਟ 'ਅਜੀਤ' ਨਾਲ ਸਾਂਝਾ ਕਰਦਿਆਂ ਅਤੇ ਸਾਕੇ ਦੇ ਸ਼ਹੀਦਾਂ ਦੀ ਨਵੀਂ ਸੂਚੀ 'ਚ ਉਨ੍ਹਾਂ ਦੇ ਪਰਿਵਾਰ ਦਾ ਨਾਂਅ ਨਾ ਸ਼ਾਮਲ ਕਰਨ 'ਤੇ ਦੁੱਖ ਪ੍ਰਗਟ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਸੁਤੰਤਰਤਾ ਸੈਨਾਨੀ ਪਰਿਵਾਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਿੱਤੀਆਂ ਜਾਣ |