ਅੰਮਿ੍ਤਸਰ, 2 ਅਪੈ੍ਰਲ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਵਿਖੇ ਵਿਦਿਆਰਥੀਆਂ 'ਚ ਵਾਤਾਵਰਨ ਜਾਗਰੂਕਤਾ ਅਤੇ ਟਿਕਾਊ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ 'ਗ੍ਰੀਨ ਭਾਰਤ- ਟੂ ਵੀਕ ਇੰਪੈਕਟ ਚੈਲੰਜ' ਹੇਠ ਕਈ ਗਤੀਵਿਧੀਆਂ ਕਰਵਾਈਆਂ | ਇਸ ਪਹਿਲ ਦਾ ਸਮਾਪਨ ਕਾਲਜ ਕੈਂਪਸ ਵਿਚ ਰੁੱਖ ਲਗਾਉਣ ਦੀ ਮੁਹਿੰਮ ਨਾਲ ਹੋਇਆ, ਜਿਸਦੀ ਸ਼ੁਰੂਆਤ ਮੁੱਖ ਮਹਿਮਾਨ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਅਤੇ ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਵਲੋਂ ਕੀਤੀ ਗਈ | ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਵਾਤਾਵਰਨ ਸੁਰੱਖਿਆ ਅਤੇ ਟਿਕਾਊ ਵਿਕਾਸ ਵੱਲ ਆਪਣਾ ਯੋਗਦਾਨ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਐੱਨ. ਐੱਸ. ਐੱਸ. ਯੂਨਿਟ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲ ਕਦਮੀਆਂ ਨੌਜਵਾਨਾਂ 'ਚ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦਾ ਭਾਵ ਪੈਦਾ ਕਰਨ ਲਈ ਬਹੁਤ ਜ਼ਰੂਰੀ ਹਨ | ਪੋ੍ਰਗਰਾਮ ਦੌਰਾਨ ਗ੍ਰੀਨ ਭਾਰਤ ਥੀਮ 'ਤੇ ਇਕ ਪੋਸਟਰ ਮੈਕਿੰਗ ਮੁਕਾਬਲਾ ਕਰਵਾਇਆ ਗਿਆ | ਐੱਨ. ਐੱਸ. ਐੱਸ. ਪ੍ਰੋਗਰਾਮ ਅਫਸਰ ਡਾ. ਸੁਰਭੀ ਧੀਰ ਅਤੇ ਡਾ. ਨਿਧੀ ਅਗਰਵਾਲ ਵਲੋਂ ਗ੍ਰੀਨ ਪਲੈੱਜ ਦਿਵਾਈ ਗਈ, ਜਿਸ ਵਿਚ ਵਿਦਿਆਰਥੀਆਂ ਨੇ ਧਰਤੀ ਅਤੇ ਇਸ ਦੇ ਕੁਦਰਤੀ ਸਰੋਤਾਂ ਦੀ ਰੱਖਿਆ ਕਰਨ ਦਾ ਸੰਕਲਪ ਲਿਆ |