ਰਾਜਾਸਾਂਸੀ, 2 ਅਪ੍ਰੈਲ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ 'ਤੇ ਜਾਣ ਵਾਲੇ ਰਸਤੇ ਅੰਮਿ੍ਤਸਰ-ਅਜਨਾਲਾ ਦੇ ਟੀ ਪੁਆਇੰਟ 'ਤੇ ਪਿਛਲੇ ਛੇ ਮਹੀਨਿਆਂ ਤੋਂ ਗੰਦਗੀ ਤੇ ਜਾਲੀ ਬੂਟੀ ਨਾਲ ਭਰੇ ਖੜੇ੍ਹ ਪਾਣੀ ਨੇ ਛੱਪੜ ਦਾ ਰੂਪ ਧਾਰਿਆ ਹੋਇਆ ਹੈ | ਜਿੱਥੇ ਦੇਸ਼ ਵਿਦੇਸ਼ ਤੋਂ ਯਾਤਰੀ ਇੱਥੇ ਪਹੁੰਚਦੇ ਹਨ, ਉੱਥੇ ਮਹੱਤਵਪੂਰਨ, ਖਾਸ਼ ਤੇ ਉੱਘੀਆਂ ਸ਼ਖਸੀਅਤਾਂ (ਵੀ. ਆਈ. ਪੀ.) ਮੰਤਰੀਆਂ ਤੇ ਅਧਿਕਾਰੀਆਂ ਤੇ ਯਾਤਰੀਆਂ, ਆਮ ਲੋਕਾਂ ਵਿਅਕਤੀਆਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਤੜਕੇ ਜਾਣ ਵਾਲੇ ਸ਼ਰਧਾਲੂਆਂ ਦੀ ਆਵਾਜਾਈ ਰੋਜ਼ਾਨਾ ਬਣੀ ਰਹਿੰਦੀ ਹੈ ਤੇ ਇਸ ਆਵਾਜਾਈ ਲਈ ਬਣਿਆ ਹਵਾਈ ਅੱਡਾ ਮਾਰਗ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਗਹਿਲੀ ਦਾ ਸ਼ਿਕਾਰ ਹੋਇਆ ਹੈ | ਇਹ ਗੰਦਾ ਬਦਬੂਦਾਰ ਛੱਪੜ ਰੂਪ ਪਾਣੀ ਉਕਤ ਰਾਹਗੀਰਾਂ ਸ਼ਖ਼ਸੀਅਤਾਂ ਦਾ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭਰਵਾਂ ਸਵਾਗਤ ਕਰਦਾ ਨਜ਼ਰ ਆਉਂਦਾ ਹੈ | ਇਹ ਪਾਣੀ ਲੰਮੇਂ ਸਮੇਂ ਤੋਂ ਇੱਥੇ ਖੜਾ ਰਹਿਣ ਕਰਕੇ ਇਸ ਪਾਣੀ ਵਿਚ ਜ਼ਹਿਰੀਲਾ ਮੱਛਰ ਪੈਦਾ ਹੋਇਆ ਹੈ ਜੋ ਮੋਟਰਸਾਈਕਲ ਸਕੂਟਰ, ਐਕਟਿਵਾ ਸਮੇਤ ਹੋਰ ਦੋ ਪਹੀਆ ਵਾਹਨਾਂ 'ਤੇ ਸਵਾਰੀ ਕਰਨ ਵਾਲੇ ਰਾਹਗੀਰਾਂ ਦੀਆਂ ਅੱਖਾਂ ਵਿਚ ਪੈਣ ਨਾਲ ਜਿੱਥੇ ਹਾਦਸਾ ਵਾਪਰਨ, ਭਿਆਨਕ ਬਿਮਾਰੀਆਂ ਦਾ ਡਰ ਬਣਿਆ ਰਹਿੰਦਾ ਹੈ ਉੱਥੇ ਹਵਾਈ ਅੱਡੇ ਤੋਂ ਬਾਹਰ ਨਿਕਲਣ ਮੌਕੇ ਗੰਦਗੀ ਤੇ ਬਦਬੂ ਦਾ ਅਹਿਸਾਸ ਕਰਵਾਉਂਦਾ ਹੈ | ਜਿਸ ਤੋਂ ਲੋਕ ਡਾਹਢੇ ਪ੍ਰੇਸ਼ਾਨ ਹਨ, ਪ੍ਰੰਤੂ ਪ੍ਰਸ਼ਾਸਨ ਵਲੋਂ ਏਧਰ ਕਦੇ ਧਿਆਨ ਦੇਣਾ ਉਚਿਤ ਨਹੀਂ ਸਮਝਿਆ | ਜ਼ਿਕਰਯੋਗ ਹੈ ਰਾਜਾਸਾਂਸੀ ਦੀ ਵਾਰਡ ਨੰਬਰ-4 ਜੋ ਆਬਾਦੀ ਸਿਵਲ ਕਾਲੋਨੀ ਕਸਬਾ ਰਾਜਾਸਾਂਸੀ ਦੀ ਨਗਰ ਪੰਚਾਇਤ ਅਧੀਨ ਆਉਂਦੀ ਹੈ ਤੇ ਇਸ ਆਬਾਦੀ ਦੇ ਪਾਣੀ ਦੀ ਨਿਕਾਸ ਪਿਛਲੇ 40 ਸਾਲਾਂ ਤੋਂ ਜਾਂ ਤਾਂ ਲੋਕਾਂ ਦੀਆਂ ਹਵਾਈ ਅੱਡੇ ਦੇ ਨਾਲ ਲਗਦੀਆਂ ਫ਼ਸਲਾਂ ਵਿਚ ਜਾਂਦਾ ਹੈ ਅਤੇ ਜਦੋਂ ਕਿਸਾਨਾਂ ਵਲੋਂ ਆਪਣੀ ਫ਼ਸਲ ਨੂੰ ਬਚਾਉਣ ਲਈ ਪਾਣੀ ਦਾ ਬੰਨ ਮਾਰ ਦਿੱਤਾ ਜਾਂਦਾ ਹੈ ਤਾਂ ਇਹ ਪਾਣੀ ਹਵਾਈ ਅੱਡਾ-ਅੰਮਿ੍ਤਸਰ ਦੀ ਸੜਕ 'ਤੇ ਘੁੰਮਦਾ ਰਹਿੰਦਾ ਹੈ ਜੋ ਇਹ ਸਿਲਸਿਲਾ ਲਗਾਤਾਰ ਪਿਛਲੇ ਲੰਮੇਂ ਸਮੇਂ ਤੋਂ ਚੱਲ ਰਿਹਾ ਹੈ, ਜਿਸ ਕਾਰਨ ਇਹ ਗੰਦਾ ਬਦਬੂ ਵਾਲਾ ਛੱਪੜ ਰੂਪ ਪਾਣੀ ਹਵਾਈ ਅੱਡੇ ਤੋਂ ਬਾਹਰ ਨਿਕਲਦਿਆਂ ਹੀ ਸਾਹਮਣੇ ਖੜ੍ਹਾ ਦਿਖਾਈ ਦਿੰਦਾ ਹੈ ਤੇ ਛੱਪੜ ਦੇ ਰੂਪ 'ਚ ਲੋਕਾਂ ਦਾ ਸਵਾਗਤ ਕਰਦਾ ਹੈ | ਯਾਤਰੀਆਂ, ਰਾਹਗੀਰਾਂ ਤੇ ਇਲਾਕੇ ਦੇ ਲੋਕਾਂ ਵਲੋਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਇਸ ਤੋਂ ਨਿਜ਼ਾਤ ਦਿਵਾਉਣ ਦੀ ਗੁਹਾਰ ਲਾਈ ਗਈ ਹੈ |