ਆਰਕੀਟੈਕਚਰ ਵਿਭਾਗ ਦੇ ਸਿਰ ਸਜਿਆ 'ਜਸ਼ਨ-2026' ਦਾ ਖਿਤਾਬ- ਸਹਾਨਾ ਬਣੀ ਮਿਸ ਜਸ਼ਨ, ਹਾਰਦਿਕ ਪਨਗੋਤਰਾ ਬਣੇ ਮਿਸਟਰ ਜਸ਼ਨ
ਅੰਮਿ੍ਤਸਰ, 4 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਉਪ ਕੁਲਪਤੀ ਪ੍ਰੋਫੈਸਰ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਸਾਲਾਨਾ ਕਲਾ ਤੇ ਸੱਭਿਆਚਾਰਕ ਅੰਤਰ-ਵਿਭਾਗੀ ਮੇਲੇ ਜਸ਼ਨ-2026' 'ਚ ਆਰਕੀਟੈਕਚਰ ਵਿਭਾਗ ਨੇ ਸ਼ਾਨਦਾਰ ਤਰੀਕੇ ਨਾਲ ਪਹਿਲਾ ਸਥਾਨ ਹਾਸਲ ਕਰਕੇ ਇਸ ਵਾਰ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ ਜਦੋਂਕਿ ਲਾਅ ਵਿਭਾਗ ਨੇ ਦੂਜਾ ਅਤੇ ਐਜੂਕੇਸ਼ਨ ਵਿਭਾਗ ਤੀਸਰੇ ਸਥਾਨ 'ਤੇ ਰਿਹਾ | ਵਿਅਕਤੀਗਤ ਸ਼੍ਰੇਣੀਆਂ 'ਚ ਵੀ ਵਿਦਿਆਰਥੀਆਂ ਨੇ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨ ਕੀਤਾ | ਲਾਅ ਵਿਭਾਗ ਦੀ ਸਹਾਨਾ ਨੂੰ ਉਸ ਦੀਆਂ ਸ਼ਾਨਦਾਰ ਸੰਗੀਤਮਈ ਪ੍ਰਸਤੁਤੀਆਂ ਲਈ 'ਮਿਸ ਜਸ਼ਨ-2026' ਐਲਾਨਿਆ ਗਿਆ ਜਦਕਿ ਮਕੈਨਿਕਲ ਇੰਜੀਨੀਅਰਿੰਗ ਦੇ ਵਿਦਿਆਰਥੀ ਹਾਰਦਿਕ ਪੰਗੋਤਰਾ ਨੂੰ 'ਮਿਸਟਰ ਜਸ਼ਨ-2026' ਦਾ ਖਿਤਾਬ ਦਿੱਤਾ | ਵੱਖ-ਵੱਖ ਮੁਕਾਬਲਿਆਂ 'ਚ ਵੀ ਵਿਦਿਆਰਥੀਆਂ ਨੇ ਆਪਣੀ ਕਲਾ ਅਤੇ ਹੁਨਰ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ | ਫਾਈਨ ਆਰਟਸ 'ਚ ਆਰਕੀਟੈਕਚਰ ਪਹਿਲੇ ਸਥਾਨ 'ਤੇ ਰਿਹਾ, ਜਦਕਿ ਐਜੂਕੇਸ਼ਨ ਅਤੇ ਸਕੂਲ ਆਫ ਸੋਸ਼ਲ ਸਾਇੰਸਜ਼ ਨੇ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ | ਲਿਟਰੇਰੀ ਮੁਕਾਬਲਿਆਂ 'ਚ ਸੀ. ਈ. ਟੀ. ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਇਲੈਕਟ੍ਰਾਨਿਕਸ ਟੈਕਨਾਲੋਜੀ ਅਤੇ ਸਕੂਲ ਆਫ ਸੋਸ਼ਲ ਸਾਇੰਸਜ਼ ਨੇ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ | ਮਿਊਜ਼ਿਕ ਵਿਚ ਲਾਅਜ਼ ਵਿਭਾਗ ਪਹਿਲੇ ਸਥਾਨ 'ਤੇ ਰਿਹਾ, ਜਦਕਿ ਮਕੈਨਿਕਲ ਇੰਜੀਨੀਅਰਿੰਗ ਅਤੇ ਆਰਕੀਟੈਕਚਰ ਨੇ ਅਗਲੇ ਸਥਾਨ, ਥੀਏਟਰ 'ਚ ਯੂਐਸਐਫਐਸ ਪਹਿਲੇ ਸਥਾਨ 'ਤੇ ਰਿਹਾ, ਜਦਕਿ ਐਜੂਕੇਸ਼ਨ ਅਤੇ ਆਰਕੀਟੈਕਚਰ ਨੇ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ | ਡਾਂਸ 'ਚ ਸੀਈਟੀ ਨੇ ਪਹਿਲਾ, ਲਾਅਜ਼ ਅਤੇ ਯੂ ਐੱਸ ਐੱਫ ਐੱਸ ਦੂਜੇ ਅਤੇ ਤੀਜੇ ਸਥਾਨਾਂ 'ਤੇ ਰਹੇ | ਇਨਾਮ ਵੰਡ ਸਮਾਗਮ ਦੌਰਾਨ ਰਜਿਸਟਰਾਰ ਪ੍ਰੋ. ਡਾ. ਕੇ. ਐੱਸ. ਚਾਹਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਮੰਚ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਣ ਦਾ ਮੌਕਾ ਦਿੰਦੇ ਹਨ | ਡਾ. ਕੁਲਜੀਤ ਕੌਰ ਵੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਡਾ. ਸਤਨਾਮ ਸਿੰਘ ਦਿਓਲ, ਡੀਨ ਸਟੂਡੈਂਟਸ ਵੈਲਫੇਅਰ, ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਰ ਵੀ ਅਜਿਹੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ |
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਾਲਾਨਾ ਕਲਾ ਤੇ ਸੱਭਿਆਚਾਰਕ ਅੰਤਰ ਵਿਭਾਗੀ ਮੇਲਾ 'ਜਸ਼ਨ-2026' ਕਰਵਾਇਆ
ਅਜੀਤ ਡੈਸਕ
05-04-2026