ਅੰਮਿ੍ਤਸਰ, 4 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਅੰਮਿ੍ਤਸਰ ਸ਼ਹਿਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਪਨਸਪ (ਪੰਜਾਬ) ਦੇ ਚੇਅਰਮੈਨ ਪ੍ਰਭਬੀਰ ਸਿੰਘ ਬਰਾੜ ਨੇ ਭਾਜਪਾ ਵਲੋਂ ਅੰਮਿ੍ਤਸਰ ਵਿਚ ਲਗਾਏ ਗਏ ਧਰਨੇ ਨੂੰ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਕਿਹਾ ਕਿ ਲੋਕਾਂ ਦੇ ਅਸਲੀ ਮੁੱਦਿਆਂ ਦੀ ਬਜਾਏ ਭਾਜਪਾ ਸਿਰਫ਼ ਸਿਆਸੀ ਨਾਟਕਬਾਜ਼ੀ ਕਰ ਰਹੀ ਹੈ | ਬਰਾੜ ਨੇ ਕਿਹਾ ਕਿ ਜਿਸ ਬਲਾਸਟ ਨੂੰ ਲੈ ਕੇ ਭਾਜਪਾ ਵਲੋਂ ਧਰਨਾ ਦਿੱਤਾ ਗਿਆ, ਉਹ ਘਟਨਾ ਭਾਜਪਾ ਸ਼ਾਸਿਤ ਚੰਡੀਗੜ ਵਿਚ ਵਾਪਰੀ ਹੈ, ਪਰ ਇਸ ਦੇ ਬਾਵਜੂਦ ਧਰਨਾ ਅੰਮਿ੍ਤਸਰ ਵਿਚ ਲਗਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ | ਉਨ੍ਹਾਂ ਕਿਹਾ ਕਿ ਜੇ ਭਾਜਪਾ ਸਚਮੁੱਚ ਗੰਭੀਰ ਹੁੰਦੀ ਤਾਂ ਆਪਣੇ ਸ਼ਾਸਨ ਹੇਠ ਆਉਂਦੇ ਚੰਡੀਗੜ ਵਿਚ ਜਵਾਬਦੇਹੀ ਤੈਅ ਕਰਦੀ | ਉਨ੍ਹਾਂ ਦੱਸਿਆ ਕਿ ਭਾਜਪਾ ਦੇ ਵੱਡੇ ਆਗੂਆਂ ਵਲੋਂ ਪੂਰੇ ਪੰਜਾਬ ਤੋਂ ਵਰਕਰਾਂ ਨੂੰ ਸੱਦਾ ਦਿੱਤਾ ਗਿਆ ਸੀ, ਪਰ ਇਸ ਦੇ ਬਾਵਜੂਦ ਧਰਨੇ ਵਿਚ ਗਿਣਤੀ ਦੇ ਹੀ ਵਰਕਰ ਪੁੱਜੇ, ਜਿਸ ਨਾਲ ਭਾਜਪਾ ਦੀ ਜ਼ਮੀਨੀ ਹਕੀਕਤ ਸਾਹਮਣੇ ਆ ਗਈ ਹੈ | ਬਰਾੜ ਨੇ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਦੀ ਵੰਡਵਾਦੀ ਅਤੇ ਧਿਆਨ ਭਟਕਾਉਣ ਵਾਲੀ ਰਾਜਨੀਤੀ ਨੂੰ ਸਮਝ ਚੁੱਕੇ ਹਨ ਅਤੇ ਸੂਬੇ ਵਿਚ ਵਿਕਾਸ ਅਤੇ ਲੋਕ-ਹਿਤੈਸ਼ੀ ਨੀਤੀਆਂ ਨੂੰ ਤਰਜੀਹ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਅਤੇ ਪੰਜਾਬ ਦੀ ਤਰੱਕੀ ਲਈ ਲਗਾਤਾਰ ਕੰਮ ਕਰ ਰਹੀ ਹੈ |