ਅੰਮਿ੍ਤਸਰ, 4 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੋਂ ਲਿਆ ਪੂਰਾ ਕਰਜ਼ਾ ਚੁਕਾਉਣ ਦਾ ਫ਼ੈਸਲਾ ਕੀਤਾ ਹੈ | ਪਾਕਿ ਸਰਕਾਰ ਨੇ ਐਲਾਨ ਕੀਤਾ ਹੈ ਕਿ 3.5 ਅਰਬ ਡਾਲਰ ਦਾ ਕਰਜ਼ਾ ਇਸੇ ਮਹੀਨੇ ਵਾਪਸ ਕੀਤਾ ਜਾਵੇਗਾ | ਦੱਸਿਆ ਜਾ ਰਿਹਾ ਹੈ ਕਿ ਪਾਕਿ ਨੇ ਇਸ ਕੁੱਲ ਰਕਮ 'ਚੋਂ 45 ਕਰੋੜ ਅਮਰੀਕੀ ਡਾਲਰ ਸਾਲ 1996-97 'ਚ ਇਕ ਸਾਲ ਲਈ ਕਰਜ਼ੇ 'ਤੇ ਲਏ ਸਨ, ਜਿਸ ਨੂੰ ਉਹ ਹੁਣ ਲਗਭਗ ਤਿੰਨ ਦਹਾਕਿਆਂ ਬਾਅਦ ਵਾਪਸ ਦੇਣ ਲਈ ਤਿਆਰ ਹੋਇਆ ਹੈ | ਪਾਕਿ ਮੀਡੀਆ ਰਿਪੋਰਟਾਂ ਅਨੁਸਾਰ ਈਰਾਨ ਦੇ ਅਮਰੀਕਾ ਅਤੇ ਇਜ਼ਰਾਈਲ ਨਾਲ ਜਾਰੀ ਟਕਰਾਅ ਨੂੰ ਰੁਕਵਾਉਣ ਲਈ ਪਾਕਿਸਤਾਨ ਵਲੋਂ ਵਿਚੋਲੇ ਦੇ ਤੌਰ 'ਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਉਸ 'ਤੇ ਭਾਰੀ ਪੈ ਰਹੀਆਂ ਹਨ | ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂ. ਏ. ਈ. ਨੇ ਇਜ਼ਰਾਈਲ ਅਤੇ ਭਾਰਤ ਦੇ ਇਸ਼ਾਰੇ 'ਤੇ ਪਾਕਿਸਤਾਨ ਨੂੰ ਕਰਜ਼ਾ ਵਾਪਸ ਕਰਨ ਦਾ ਆਦੇਸ਼ ਦਿੱਤਾ ਹੈ |