ਜੰਡਿਆਲਾ ਗੁਰੂ, 5 ਅਪ੍ਰੈਲ (ਹਰਜਿੰਦਰ ਸਿੰਘ ਕਲੇਰ)-ਐੱਸ. ਐੱਸ. ਪੀ. ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਡੀ. ਐੱਸ. ਪੀ. ਰਵਿੰਦਰ ਸਿੰਘ ਜੰਡਿਆਲਾ ਗੁਰੂ , ਐੱਸ. ਐੱਚ. ਓ. ਹਰਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਗਸ਼ਤ ਦੌਰਾਨ ਕੀਤੀ ਨਾਕਾਬੰਦੀ 'ਚ ਵੱਡੀ ਕਾਰਵਾਈ ਕਰਦਿਆਂ ਸਕਾਰਪਿਓ ਗੱਡੀ 'ਚੋਂ ਨਾਜਾਇਜ਼ ਹਥਿਆਰ ਬਰਾਮਦ ਕਰਕੇ ਸੱਤ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਏ. ਐੱਸ. ਆਈ. ਸਮੇਤ ਪੁਲਿਸ ਪਾਰਟੀ ਸਰਕਾਰੀ ਗੱਡੀ 'ਚ ਗਸ਼ਤ ਅਤੇ ਤਲਾਸ਼ੀ ਲਈ ਜੰਡਿਆਲਾ ਅਤੇ ਪਿੰਡ ਮੱਲੀਆਂ ਵੱਲ ਜਾ ਰਹੀ ਸੀ | ਇਸ ਦੌਰਾਨ ਦਾਣਾਮੰਡੀ ਜੰਡਿਆਲਾ ਵਿਖੇ ਪੁਲਿਸ ਨੂੰ ਇਕ ਭਰੋਸੇਯੋਗ ਸੂਚਨਾ ਮਿਲੀ ਕਿ ਕਾਲੇ ਰੰਗ ਦੀ ਸਕਾਰਪਿਓ ਗੱਡੀ ਨੰਬਰ ਪੀ. ਬੀ 08-ਏ ਜੇ-9191 ਵਿਚ ਕਰੀਬ 7 ਨੌਜਵਾਨ ਸਵਾਰ ਹਨ, ਜਿਨ੍ਹਾਂ ਕੋਲ ਨਾਜਾਇਜ਼ ਹਥਿਆਰ ਹੋ ਸਕਦੇ ਹਨ ਅਤੇ ਉਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ | ਇਸ ਸੂਚਨਾ ਦੇ ਆਧਾਰ 'ਤੇ ਪੁਲਿਸ ਵਲੋਂ ਤੁਰੰਤ ਪਿੰਡ ਮੱਲੀਆਂ ਚੌਕ ਵਿਖੇ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕੀਤੀ ਗਈ | ਕੁਝ ਸਮੇਂ ਬਾਅਦ ਸੰਦੇਹੀ ਗੱਡੀ ਆਉਂਦੀ ਦਿਖਾਈ ਦਿੱਤੀ, ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਡਰਾਈਵਰ ਵਲੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਗਈ | ਪੁਲਿਸ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਗੱਡੀ ਨੂੰ ਕਾਬੂ ਕਰ ਲਿਆ, ਵਿਚ 07 ਨੌਜਵਾਨ ਸਵਾਰ ਸਨ ਜਿਨ੍ਹਾਂ ਦਾ ਵਾਰੀ-ਵਾਰੀ ਨਾਮ ਪਤਾ ਪੁੱਛਿਆ ਤਾਂ ਗੱਡੀ ਚਾਲਕ ਨੇ ਆਪਣਾ ਨਾਮ ਸੰਗਨਦੀਪ ਸਿੰਘ ਉਰਫ ਸਗਨ ਪੁੱਤਰ ਹਰਪਾਲ ਸਿੰਘ ਵਾਸੀ ਦੇਵੀਦਾਸਪੁਰਾ ਅਤੇ ਸੀਟ ਦੇ ਨਾਲ ਬੈਠੇ ਨੌਜਵਾਨ ਨੇ ਆਪਣਾ ਨਾਮ ਸਰਵਣ ਸਿੰਘ ਉਰਫ ਸਨੀ ਪੁੱਤਰ ਹੀਰਾ ਸਿੰਘ ਵਾਸੀ ਸੁਲਤਾਨਵਿੰਡ ਅੰਮਿ੍ਤਸਰ ਅਤੇ ਵਿਚਲੀ ਸੀਟ ਤੇ ਬੈਠਿਆਂ ਨੇ ਆਪਣਾ ਨਾਮ ਸੁਰਿੰਦਰ ਸਿੰਘ ਉਰਫ ਸੁੰਦਰ ਪੁੱਤਰ ਬਾਵਾ ਸਿੰਘ ਵਾਸੀ ਮੱਲੀਆਂ ਥਾਣਾ ਜੰਡਿਆਲਾ, ਤਰਸੇਮ ਸਿੰਘ ਉਰਫ ਲਾਡੀ ਪੁੱਤਰ ਦਲਬੀਰ ਸਿੰਘ ਵਾਸੀ ਤਾਰਾਗੜ ਤਲਾਵਾਂ ਥਾਣਾ ਜੰਡਿਆਲਾ ਗੁਰੂ, ਹਰਪਾਲ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਅਕਾਲਗੜ ਢਪਈਆਂ ਥਾਣਾ ਜੰਡਿਆਲਾ ਦਸਿਆ ਅਤੇ ਪਿਛਲੀ ਸੀਟ ਤੇ ਬੈਠਿਆਂ ਨੇ ਆਪਣਾ ਨਾਮ ਨੀਰਜ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸੁਲਤਾਨਵਿੰਡ ਜ਼ਿਲ੍ਹਾ ਅੰਮਿ੍ਤਸਰ, ਉਂਕਾਰ ਸਿੰਘ ਉਰਫ ਤਾਰੀ ਪੁੱਤਰ ਸਾਹਿਬ ਸਿੰਘ ਵਾਸੀ ਅਕਾਲਗੜ ਢਪਈਆਂ ਦੱਸਿਆ ਹੈ | ਤਲਾਸ਼ੀ ਦੌਰਾਨ ਗੱਡੀ ਦੀ ਪਿਛਲੀ ਸੀਟ ਹੇਠੋਂ ਇਕ 12 ਬੋਰ ਬੰਦੂਕ ਅਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ | ਦੋਸ਼ੀਆਂ ਕੋਲੋਂ ਕਿਸੇ ਵੀ ਤਰ੍ਹਾਂ ਦਾ ਅਸਲਾ ਲਾਇਸੈਂਸ ਜਾਂ ਹੋਰ ਦਸਤਾਵੇਜ਼ ਪ੍ਰਾਪਤ ਨਹੀਂ ਹੋਏ | ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਹਥਿਆਰ ਉਨ੍ਹਾਂ ਦੇ ਸਾਥੀ ਦਾ ਹੈ | ਪੁਲਿਸ ਨੇ ਬੰਦੂਕ ਅਤੇ ਕਾਰਤੂਸ ਸਮੇਤ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਅਸਲਾ ਐਕਟ ਦੀਆਂ ਧਾਰਾਵਾਂ 25, 27, 54 ਅਤੇ 59 ਅਧੀਨ ਮਾਮਲਾ ਦਰਜ ਕਰ ਲਿਆ ਹੈ | ਸਾਰੇ ਦੋਸ਼ੀਆਂ ਤੋਂ ਹੋਰ ਪੁੱਛਗਿੱਛ ਜਾਰੀ ਹੈ ਅਤੇ ਪੁਲਿਸ ਵਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ |
ਜੰਡਿਆਲਾ ਗੁਰੂ ਪੁਲਿਸ ਵਲੋਂ ਸਕਾਰਪੀਓ ਕਾਰ 'ਚੋਂ ਨਾਜਾਇਜ਼ ਹਥਿਆਰ ਬਰਾਮਦ, 7 ਨੌਜਵਾਨ ਗਿ੍ਫਤਾਰ <br/>
ਅਜੀਤ ਡੈਸਕ
06-04-2026