ਅੰਮਿ੍ਤਸਰ, 9 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਜੀ. ਆਰ. ਪੀ. ਅੰਮਿ੍ਤਸਰ ਨੇ ਰੇਲਵੇ ਸਟੇਸ਼ਨ ਅੰਮਿ੍ਤਸਰ ਅਤੇ ਰੇਲਗੱਡੀਆਂ 'ਚ ਯਾਤਰੀਆਂ ਕੋਲੋਂ ਕੀਮਤੀ ਸਾਮਾਨ ਅਤੇ ਮੋਬਾਈਲ ਫੋਨਾਂ ਆਦਿ ਦੀ ਲੱੁਟ-ਖੋਹ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ | ਥਾਣਾ ਮੁਖੀ ਸੁਖਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਐੱਸ. ਆਈ. ਜਗਦੀਸ਼ ਸਿੰਘ ਸਮੇਤ ਜੀ.ਆਰ.ਪੀ. ਅਤੇ ਆਰ. ਪੀ. ਐੱਫ. ਸਟਾਫ ਚੈਕਿੰਗ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਮੁਖਬਰ ਖਾਸ ਵਲੋਂ ਇਤਲਾਹ ਦਿੱਤੀ ਗਈ ਕਿ ਭੰਡਾਰੀ ਪੁਲ ਦੇ ਥੱਲੇ ਚੋਰੀ/ਲੁੱਟ ਖੋਹ ਦੀ ਵਾਰਦਾਤ ਕਰਨ ਵਾਲਾ ਗਰੋਹ ਮੌਜੂਦ ਹੈ, ਜੋ ਚੋਰੀ ਅਤੇ ਲੁੱਟ/ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਸਲਾਹ ਮਸ਼ਵਰਾ ਕਰ ਰਹੇ ਹਨ, ਜਿਨ੍ਹਾਂ ਨੂੰ ਰੇਡ ਕਰਕੇ ਕਾਬੂ ਕੀਤਾ ਜਾਵੇ ਤਾਂ ਉਨ੍ਹਾਂ ਕੋਲੋਂ ਚੋਰੀ ਅਤੇ ਖੋਹ ਕੀਤੇ ਮੋਬਾਇਲ ਫੋਨ ਅਤੇ ਹੋਰ ਸਾਮਾਨ ਬਰਾਮਦ ਹੋ ਸਕਦਾ ਹੈ | ਇਸ 'ਤੇ ਐੱਸ. ਆਈ. ਜਗਦੀਸ਼ ਸਿੰਘ ਨੇ ਪੁਲਿਸ ਪਾਰਟੀ ਦੀਆਂ ਦੋ ਟੀਮਾਂ ਬਣਾ ਕੇ ਉਕਤ ਗਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ, ਜਿਨ੍ਹਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪੀ, ਮਨਦੀਪ ਕੁਮਾਰ ਉਰਫ ਨਿੱਕਾ, ਦਿਲਬਾਗ ਸਿੰਘ ਉਰਫ ਜਾਨੀ ਅਤੇ ਅਕਾਸ਼ ਵਜੋਂ ਹੋਈ ਹੈ | ਇਨ੍ਹਾਂ ਕੋਲੋਂ ਪੁਲਿਸ ਨੇ ਚੋਰੀ ਦੇ 10 ਮੋਬਾਈਲ ਫੋਨ ਅਤੇ 2 ਚਾਕੂ ਕਮਾਨੀਦਾਰ ਬਰਾਮਦ ਕੀਤੇ ਹਨ | ਥਾਣਾ ਮੁਖੀ ਸੁਖਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਰੇਲ ਗੱਡੀਆਂ ਅਤੇ ਰੇਲਵੇ ਸਟੇਸ਼ਨ 'ਚ ਲੱੁਟ/ਖੋਹ ਕਰਨ ਵਾਲਾ ਗਰੋਹ ਸਰਗਰਮ ਸੀ, ਜਿਨ੍ਹਾਂ ਨੂੰ ਕਾਬੂ ਕਰਨ ਵਾਸਤੇ ਦਿਨ ਰਾਤ ਨੂੰ ਸਪੈਸ਼ਲ ਟੀਮਾਂ ਬਣਾ ਕੇ ਨਾਕੇ ਲਗਾਏ ਗਏ, ਜਿਸ 'ਚ ਸਫਲਤਾ ਹਾਸਲ ਕਰਦੇ ਹੋਏ ਉਕਤ ਗਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ, ਜਿਸ ਨਾਲ ਅਜਿਹੀਆਂ ਵਾਰਦਾਤਾਂ 'ਤੇ ਰੋਕ ਲੱਗੇਗੀ | ਉਨ੍ਹਾਂ ਦੱਸਿਆ ਕਿ ਅਜਿਹੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਰਹਿਣਗੀਆਂ ਤਾਂ ਜੋ ਯਾਤਰੀਆਂ ਦੀ ਜਾਨ ਮਾਲ ਦੀ ਹਿਫਾਜਤ ਕੀਤੀ ਜਾ ਸਕੇ |