ਅੰਮਿ੍ਤਸਰ, 9 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਗੱਲਾ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਸਰਪ੍ਰਸਤ ਅਤੇ ਦਾਣਾ ਮੰਡੀ ਭਗਤਾਂਵਾਲਾ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ ਦੀ ਅਗਵਾਈ ਹੇਠ ਆੜਤੀਆਂ ਦੇ ਵਫਦ ਵਲੋਂ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਅਫਸਰ ਹਰਵੀਨ ਕੌਰ ਨੂੰ ਮਿਲਿਆ | ਇਸ ਦੌਰਾਨ ਕਣਕ ਦੇ ਸੀਜ਼ਨ ਦੌਰਾਨ ਆਉਣ ਵਾਲੀਆਂ ਦਰਪੇਸ਼ ਮੁਸ਼ਕਿਲਾਂ ਤੋਂ ਜਾਣੂੰ ਕਰਵਾਉਂਦੇ ਹੋਏ ਮੰਗ ਕੀਤੀ ਕਿ ਟਰਾਂਸਪੋਰਟ ਦੇ ਟੈਂਡਰ ਉਨ੍ਹਾਂ ਲੋਕਾਂ ਨੂੰ ਦਿੱਤੇ ਜਾਣ, ਜਿਨ੍ਹਾਂ ਕੋਲ ਵੱਡੇ ਪੱਧਰ 'ਤੇ ਆਪਣੀਆਂ ਗੱਡੀਆਂ ਹਨ | ਉਨ੍ਹਾਂ ਕਿਹਾ ਕਿ ਹਰ ਸੀਜਨ ਦੌਰਾਨ ਆੜਤੀਆਂ ਨੂੰ ਟਰਾਂਸਪੋਰਟਰਾਂ ਕਰਕੇ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ, ਜਿਸ ਨੂੰ ਇਸ ਵਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਦੌਰਾਨ ਫ਼ਸਲ ਦੀ ਲਿਫਟਿੰਗ ਅਤੇ ਬਾਰਦਾਨੇ ਸੰਬੰਧੀ ਵੀ ਚਰਚਾ ਕੀਤੀ ਗਈ | ਇਸ ਮੌਕੇ ਚੇਅਰਮੈਨ ਰਾਜਵਿੰਦਰ ਸਿੰਘ ਅਟਾਰੀ, ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਸਰਜਾ, ਗੁਰਪ੍ਰੀਤ ਸਿੰਘ ਛੀਨਾ ਮੰਡੀ ਪ੍ਰਧਾਨ ਹਰਸ਼ਾ ਛੀਨਾ, ਸੁਨੀਲ ਪਾਸੀ ਪ੍ਰਧਾਨ ਜੰਡਿਆਲਾ ਮੰਡੀ, ਖਜ਼ਾਨਚੀ ਗੁਰਦੇਵ ਸਿੰਘ, ਸਰਪੰਚ ਸੁਖਚੈਨ ਸਿੰਘ ਪ੍ਰਧਾਨ ਮੰਡੀ ਰਾਜਾਸਾਂਸੀ, ਚੇਅਰਮੈਨ ਭੁਪਿੰਦਰ ਸਿੰਘ ਮੰਮਣਕੇ ਆਦਿ ਹਾਜ਼ਰ ਸਨ |