ਅੰਮਿ੍ਤਸਰ, 10 ਅਪ੍ਰੈਲ (ਸੁਰਿੰਦਰ ਕੋਛੜ)-ਪਿਛਲੇ ਦੋ ਹਫ਼ਤਿਆਂ ਤੋਂ ਅਫ਼ਗਾਨਿਸਤਾਨ ਵਿਚ ਮੌਸਮ ਨੇ ਤਬਾਹੀ ਮਚਾਈ ਹੋਈ ਹੈ | ਭਾਰੀ ਬਾਰਿਸ਼, ਅਚਾਨਕ ਹੜ੍ਹ, ਜ਼ਮੀਨ ਖਿਸਕਣ, ਭੂਚਾਲ ਅਤੇ ਬਿਜਲੀ ਡਿੱਗਣ ਵਰਗੀਆਂ ਆਫ਼ਤਾਂ ਨਾਲ 148 ਲੋਕਾਂ ਦੀ ਮੌਤ ਹੋ ਗਈ ਹੈ ਅਤੇ 216 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ | ਸਥਿਤੀ ਇੰਨੀ ਭਿਆਨਕ ਹੈ ਕਿ ਹਜ਼ਾਰਾਂ ਪਰਿਵਾਰ ਬੇਘਰ ਹੋ ਗਏ ਹਨ ਅਤੇ ਕਈ ਖੇਤਰਾਂ 'ਚ ਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਅਫ਼ਗਾਨਿਸਤਾਨ ਦੇ ਕਈ ਹਿੱਸਿਆਂ 'ਚ ਲਗਾਤਾਰ ਖ਼ਰਾਬ ਮੌਸਮ ਕਾਰਨ ਹੋਈ ਤਬਾਹੀ ਵਧ ਰਹੀ ਹੈ | ਰਾਹਤ ਏਜੰਸੀਆਂ ਦੇ ਅਨੁਸਾਰ ਇਹ ਆਫ਼ਤ ਨਾ ਸਿਰਫ਼ ਜਾਨ-ਮਾਲ ਦਾ ਨੁਕਸਾਨ ਕਰ ਰਹੀ ਹੈ ਬਲਕਿ ਦੇਸ਼ 'ਚ ਮਨੁੱਖੀ ਸੰਕਟ ਵੀ ਪੈਦਾ ਕਰ ਰਹੀ ਹੈ | ਖ਼ਾਸ ਤੌਰ 'ਤੇ ਸਥਿਤੀ ਅਫ਼ਗਾਨਿਸਤਾਨ ਦੇ ਪੇਂਡੂ ਅਤੇ ਕਮਜ਼ੋਰ ਖੇਤਰਾਂ 'ਚ ਗੰਭੀਰ ਬਣੀ ਹੋਈ ਹੈ, ਜਿੱਥੇ ਲੋਕਾਂ ਕੋਲ ਬਚਾਅ ਦੇ ਸਾਧਨਾਂ ਦੀ ਘਾਟ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੂਰਬੀ ਅਫ਼ਗਾਨਿਸਤਾਨ 'ਚ ਨੰਗਰਹਾਰ ਪ੍ਰਾਂਤ ਇਸ ਆਫ਼ਤ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਪਿਛਲੇ ਦੋ ਦਿਨਾਂ 'ਚ ਹੀ 24 ਮੌਤਾਂ ਅਤੇ 33 ਲੋਕ ਜ਼ਖ਼ਮੀ ਹੋਏ ਹਨ | ਛੱਤਾਂ ਡਿੱਗਣ, ਹੜ੍ਹਾਂ ਦੇ ਪਾਣੀ ਅਤੇ ਤੂਫ਼ਾਨ ਕਾਰਨ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ | ਇਸ ਇਲਾਕੇ 'ਚ 1,149 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ ਅਤੇ ਸੜਕਾਂ, ਖੇਤੀਬਾੜੀ ਅਤੇ ਬੁਨਿਆਦੀ ਢਾਂਚਿਆਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ | ਰਿਪੋਰਟਾਂ ਅਨੁਸਾਰ ਇਸ ਆਫ਼ਤ ਨਾਲ 7,500 ਤੋਂ ਵੱਧ ਪਰਿਵਾਰ ਪ੍ਰਭਾਵਿਤ ਹੋਏ ਹਨ | ਹੜ੍ਹਾਂ ਦੇ ਪਾਣੀ ਨੇ ਪਿੰਡਾਂ ਅਤੇ ਕਸਬਿਆਂ ਨੂੰ ਡੁਬਾ ਦਿੱਤਾ ਹੈ | ਬਹੁਤ ਸਾਰੇ ਫਸੇ ਹੋਏ ਲੋਕਾਂ ਨੂੰ ਹੈਲੀਕਾਪਟਰਾਂ ਰਾਹੀਂ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ | ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਸਥਿਤੀ ਹੋਰ ਵੀ ਵਿਗੜ ਸਕਦੀ ਹੈ, ਜਿਸ ਨਾਲ ਮੌਤਾਂ ਦੀ ਗਿਣਤੀ ਅਤੇ ਤਬਾਹੀ ਹੋਰ ਵਧਣ ਦਾ ਡਰ ਪੈਦਾ ਹੋ ਗਿਆ ਹੈ | ਸੰਯੁਕਤ ਰਾਸ਼ਟਰ ਦੇ ਅਨੁਸਾਰ ਇਸ ਆਫ਼ਤ ਨਾਲ 73,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ | 9,000 ਤੋਂ ਵੱਧ ਘਰ ਨੁਕਸਾਨੇ ਗਏ ਹਨ ਅਤੇ 15,500 ਏਕੜ ਤੋਂ ਵੱਧ ਫ਼ਸਲਾਂ ਤਬਾਹ ਹੋ ਗਈਆਂ ਹਨ | ਇਸ ਨਾਲ ਭੋਜਨ ਦੀ ਕਮੀ ਦਾ ਖ਼ਤਰਾ ਵਧ ਗਿਆ ਹੈ ਅਤੇ ਭਵਿੱਖ 'ਚ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ |