ਰਈਆ, 13 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਇਥੋਂ ਨਜਦੀਕੀ ਪਿੰਡ ਫੱਤੂਵਾਲ ਵਿਖੇ ਤੜਕੇ ਸਵੇਰੇ ਬਦਮਾਸ਼ਾ ਵਲੋਂ ਤਰਸੇਮ ਕਰਿਆਨਾ ਸ਼ੋਅ-ਰੂਮ 'ਤੇ ਗੋਲੀਆਂ ਚਲਾਏ ਜਾਣ ਦਾ ਸਮਾਚਾਰ ਹੈ | ਦੁਕਾਨ ਦੇ ਮਾਲਿਕ ਵਿਕਾਸ ਕੁਮਾਰ ਪੁੱਤਰ ਸਵ: ਤਰਸੇਮ ਕੁਮਾਰ ਵਾਸੀ ਬਿਆਸ ਨੇ ਦੱਸਿਆ ਕਿ ਅੱਜ ਸਵੇਰੇ ਆ ਕੇ ਅਸੀਂ ਵੇਖਿਆ ਕਿ ਦੁਕਾਨ ਦੇ ਸ਼ਟਰ 'ਚ ਤਿੰਨ ਛੇਕ ਦਿਖਾਈ ਦੇ ਰਹੇ ਸਨ | ਜਦ ਅਸੀਂ ਸੀ. ਸੀ. ਟੀ. ਵੀ. ਦੀ ਫੁਟੇਜ ਚੈੱਕ ਕੀਤੀ ਤਾਂ ਰਾਤ ਤਿੰਨ ਵਜੇ ਦੇ ਕਰੀਬ ਮੂੰਹ ਬੰਨ੍ਹ ਕੇ ਪੈਦਲ ਆਏ ਇਕ ਨੌਜਵਾਨ ਨੇ ਦੁਕਾਨ ਦੇ ਸਾਹਮਣੇ ਆ ਕੇ ਬੰਦ ਸ਼ਟਰ ਤੇ ਤਿੰਨ ਫਾਇਰ ਕੀਤੇ ਜੋ ਸ਼ਟਰ ਨੂੰ ਕਰਾਸ ਕਰਕੇ ਅੰਦਰ ਲੱਗੇ ਸ਼ੀਸ਼ੇ ਨੂੰ ਤੋੜ ਕੇ ਸਾਹਮਣੇ ਰੈਕ ਵਿਚ ਜਾ ਲੱਗੇ | ਗੋਲੀ ਚਲਾਉਣ ਵਾਲਾ ਨੌਜਵਾਨ ਗੋਲੀ ਚਲਾ ਕੇ ਦੁਕਾਨ ਦੇ ਨਾਲ ਵਾਲੀ ਗਲੀ ਰਾਹੀਂ ਪਿਛੇ ਨੂੰ ਚਲੇ ਗਿਆ | ਰਾਤ ਸਮੇਂ ਦੁਕਾਨ ਬੰਦ ਹੋਣ ਕਰਕੇ ਕੋਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਜਦ ਵਿਕਾਸ ਕੁਮਾਰ ਨੂੰ ਪਹਿਲਾਂ ਕੋਈ ਧਮਕੀ ਆਦਿ ਆਉਣ ਬਾਰੇ ਪੁੱਛਿਆ ਤਾਂ ਉਸ ਨੇ ਇਨਕਾਰ ਕਰਦੇ ਹੋਏ ਕਿਹਾ ਅਜਿਹੀ ਕੋਈ ਗੱਲ ਨਹੀਂ | ਇਸ ਕਰਕੇ ਗੋਲੀ ਚਲਾਏ ਜਾਣ ਦਾ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ | ਇਸ ਵਾਰਦਾਤ ਨਾਲ ਵਪਾਰੀ ਵਰਗ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿਉਂਕਿ ਪਹਿਲਾਂ ਰਈਆ ਕਸਬੇ ਅੰਦਰ ਧਮਕੀ ਭਰੀਆਂ ਕਾਲਾਂ ਆਉਣ ਤੇ ਫਾਇਇੰਗ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ | ਭਾਵੇਂ ਪੁਲਿਸ ਵਲੋਂ ਵੱਡੀ ਪੱਧਰ 'ਤੇ ਅਜਿਹੀਆਂ ਵਾਰਦਾਤਾਂ ਦੇ ਦੋਸ਼ੀ ਫੜੇ ਜਾਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਵਾਰਦਾਤਾਂ ਫਿਰ ਵੀ ਰੁਕਣ ਦਾ ਨਾਮ ਨਹੀਂ ਲੈ ਰਹੀਆ | ਥਾਣਾ ਖਿਲਚੀਆਂ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਅਗਲੀ ਕਾਰਵਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਘਟਨਾ ਸਥਾਨ ਤੋਂ ਤਿੰਨ ਖਾਲੀ ਖੋਲ ਬਰਾਮਦ ਹੋਏ ਹਨ |