ਅੰਮਿ੍ਤਸਰ, 17 ਅਪ੍ਰੈਲ (ਸੁਰਿੰਦਰ ਕੋਛੜ)-ਭਾਰਤੀ ਮਸ਼ਹੂਰ ਗਾਇਕਾ ਆਸ਼ਾ ਭੋਂਸਲੇ ਦੇ ਦਿਹਾਂਤ 'ਤੇ ਉਨ੍ਹਾਂ ਨੂੰ ਭਾਵਨਾਤਮਕ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਪ੍ਰਸਿੱਧ ਗੀਤਾਂ ਦਾ ਪ੍ਰਸਾਰਨ ਕਰਨ ਵਾਲੇ ਇਕ ਪ੍ਰਮੁੱਖ ਪਾਕਿਸਤਾਨੀ ਨਿਊਜ਼ ਚੈਨਲ ਖ਼ਿਲਾਫ਼ ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਿਟੀ (ਪੇਮਰਾ) ਨੇ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਹਨ | ਦੱਸਿਆ ਜਾ ਰਿਹਾ ਹੈ ਕਿ ਜੀਓ ਨਿਊਜ਼ ਚੈਨਲ ਨੇ ਆਸ਼ਾ ਭੋਂਸਲੇ ਦੇ ਦਿਹਾਂਤ ਦੀ ਰਿਪੋਰਟਿੰਗ ਕਰਦੇ ਸਮੇਂ ਭਾਰਤੀ ਗੀਤਾਂ ਅਤੇ ਵੀਜ਼ੂਅਲ ਪ੍ਰਸਾਰਿਤ ਕੀਤੇ ਸਨ, ਜਿਸ ਲਈ ਚੈਨਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ | ਰਿਪੋਰਟਾਂ ਅਨੁਸਾਰ ਪੇਮਰਾ ਨੇ ਕਿਹਾ ਕਿ ਚੈਨਲ ਨੇ ਸ਼ਰਧਾਂਜਲੀ ਨੂੰ ਕਵਰ ਕਰਦੇ ਸਮੇਂ ਭਾਰਤੀ ਫ਼ਿਲਮਾਂ ਅਤੇ ਗੀਤਾਂ ਦੀਆਂ ਕਲਿੱਪਾਂ ਪ੍ਰਸਾਰਿਤ ਕੀਤੀਆਂ ਸਨ, ਜੋ ਕਿ ਪਾਕਿਸਤਾਨੀ ਟੈਲੀਵਿਜ਼ਨ 'ਤੇ ਭਾਰਤੀ ਸਮਗਰੀ 'ਤੇ ਪਾਬੰਦੀ ਲਗਾਉਣ ਵਾਲੇ ਸਰਕਾਰੀ ਫ਼ੈਸਲੇ ਦੀ ਉਲੰਘਣਾ ਹੈ |