ਅੰਮਿ੍ਤਸਰ/ਰਾਜਾਸਾਂਸੀ, 17 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ, ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਕਸਟਮ ਵਿਭਾਗ ਨੇ ਕੌਮਾਂਤਰੀ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ 'ਤੇ ਵੱਡੀ ਕਾਰਵਾਈ ਕਰਦਿਆਂ ਕਰੋੜਾਂ ਦੀ ਕੀਮਤ ਦੇ ਗਾਂਜੇ ਸਮੇਤ ਇਕ ਵਿਅਕਤੀ ਨੂੰ ਗਿ੍ਫਤਾਰ ਕੀਤਾ ਹੈ | ਜਾਣਕਾਰੀ ਮੁਤਾਬਕ ਇਕ ਵਿਅਕਤੀ ਜੋ ਕਿ ਬੈਂਕਾਕ ਤੋਂ ਵਾਇਆ ਸਿੰਗਾਪੁਰ ਉਡਾਨ ਨੰਬਰ-ਟੀ. ਆਰ. 750 ਰਾਹੀਂ ਇੱਥੇ ਪਹੁੰਚਿਆ ਸੀ, ਨੂੰ ਕਸਟਮ ਅਧਿਕਾਰੀਆਂ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਗਿ੍ਫਤਾਰ ਕੀਤਾ | ਇਸ ਦੌਰਾਨ ਜੱਦ ਉਸਦੇ ਬੈਗ ਦੀ ਜਾਂਚ ਕੀਤੀ ਤਾਂ ਉਸ 'ਚੋਂ 6 ਕਿਲੋ 270 ਗ੍ਰਾਮ ਵਿਦੇਸ਼ੀ ਗਾਂਜਾ ਬਰਾਮਦ ਕੀਤਾ ਗਿਆ, ਜਿਸਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 6.27 ਕਰੋੜ ਦੱਸੀ ਗਈ ਹੈ | ਫਿਲਹਾਲ ਵਿਭਾਗ ਵਲੋਂ ਕਸਟਮ ਐਕਟ ਤਹਿਤ ਬਰਾਮਦ ਕੀਤੇ ਗਾਂਜੇ ਨੂੰ ਜ਼ਬਤ ਕਰਕੇ ਇਸਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |