ਅੰਮਿ੍ਤਸਰ, 17 ਅਪ੍ਰੈਲ (ਜਸਵੰਤ ਸਿੰਘ ਜੱਸ)-ਸਾਈਬਰ ਠੱਗਾਂ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੂੰ ਵੀ ਆਪਣਾ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਦਾ ਮੋਬਾਇਲ ਫੋਨ ਹੈਕ ਕਰਕੇ ਉਨ੍ਹਾਂ ਦੇ ਕਈ ਜਾਨਣ ਵਾਲਿਆਂ ਨੂੰ ਫੋਨ ਕਾਲ ਕਰਕੇ ਪੈਸੇ ਮੰਗੇ ਜਾਣ ਦੀ ਸੂਚਨਾ ਮਿਲੀ ਹੈ | ਸ: ਧੰਗੇੜਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਨੂੰ ਪਤਾ ਲੱਗਾ ਕਿ ਕੋਈ ਵਿਅਕਤੀ ਮੇਰੇ ਮੋਬਾਈਲ ਨੰਬਰ ਤੋਂ ਕਾਲ ਕਰਕੇ, ਸੁਨੇਹੇ ਭੇਜ ਕੇ ਅਤੇ ਮੇਰੇ ਨਾਮ ਦੀ ਵਰਤੋਂ ਕਰਕੇ ਮੇਰੇ ਕਈ ਜਾਣਨ ਵਾਲਿਆਂ ਤੋਂ ਪੈਸਿਆਂ ਦੀ ਮੰਗ ਕੀਤੀ ਗਈ ਹੈ, ਇਸ 'ਤੇ ਕੁਝ ਮਿੱਤਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਸ਼ੱਕ ਪੈਣ 'ਤੇ ਮੇਰੇ ਨਾਲ ਰਾਬਤਾ ਕਾਇਮ ਕੀਤਾ, ਜਿਸ ਤੋਂ ਬਾਅਦ ਮੋਬਾਇਲ ਫੋਨ ਹੈਕ ਹੋਣ ਦਾ ਮਾਮਲਾ ਸਾਹਮਣੇ ਆਇਆ | ਉਨ੍ਹਾਂ ਅਪੀਲ ਕੀਤੀ ਕਿ ਮੇਰੇ ਵਲੋਂ ਕਿਸੇ ਤੋਂ ਵੀ ਕਿਸੇ ਕਿਸਮ ਦੀ ਪੈਸਿਆਂ ਦੀ ਮੰਗ ਨਹੀਂ ਕੀਤੀ ਗਈ, ਇਸ ਲਈ ਉਹ ਅਜਿਹੇ ਕਿਸੇ ਵੀ ਸੰਦੇਸ਼ ਜਾਂ ਕਾਲ ਦੇ ਚੁੰਗਲ ਵਿਚ ਨਾ ਫਸਣ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਈਬਰ ਠੱਗਾਂ ਵਿਰੁੁੱਧ ਬਣਦੀ ਕਾਨੂੰਨੀ ਕਾਰਵਾਈ ਵੀ ਅਮਲ ਵਿਚ ਲਿਆਂਦੀ ਜਾ ਰਹੀ ਹੈ |