ਅਟਾਰੀ ਸਰਹੱਦ, 17 ਅਪ੍ਰੈਲ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ ਅਟਾਰੀ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਆਉਂਦੇ ਹਲਕਾ ਅਟਾਰੀ ਦੀ ਸਰਹੱਦੀ ਦਾਣਾ ਮੰਡੀ 'ਚ ਰੈਲੀ ਰੱਖੀ ਗਈ ਸੀ | ਕਿਸਾਨ ਜਥੇਬੰਦੀਆਂ ਦੇ ਆਗੂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਮੰਗ ਪੱਤਰ ਦੇਣਾ ਚਾਹੁੰਦੇ ਸਨ | ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਕੌਮਾਂਤਰੀ ਅਟਾਰੀ ਹਾਈਵੇ 'ਤੇ ਸਥਿਤ ਪਿੰਡ ਢੋਡੀਵਿੰਡ ਨਜ਼ਦੀਕ ਰੋਕ ਦਿੱਤਾ ਗਿਆ | ਗੁੱਸੇ ਵਿਚ ਆਏ ਕਿਸਾਨਾਂ ਨੇ ਅੰਤਰਰਾਸ਼ਟਰੀ ਅਟਾਰੀ ਹਾਈਵੇ 'ਚ ਰੋਸ ਧਰਨਾ ਦਿੰਦੇ ਹੋਏ ਪੰਜਾਬ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ | ਇਸ ਮੌਕੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ, ਕਿਸਾਨ ਆਗੂ ਲਖਵਿੰਦਰ ਸਿੰਘ ਡਾਲਾ, ਕਾਬਲ ਸਿੰਘ ਮਹਾਵਾ ਅਤੇ ਕਿਸਾਨ ਵੱਡੀ ਗਿਣਤੀ 'ਚ ਮੌਜੂਦ ਸਨ | ਇਸ ਮੌਕੇ ਐੱਸ. ਪੀ. ਹਰਪਾਲ ਸਿੰਘ ਦੀ ਅਗਵਾਈ 'ਚ ਪੁਲਿਸ ਮੁਲਾਜ਼ਮ ਅਤੇ ਅਧਿਕਾਰੀ ਵੱਡੀ ਗਿਣਤੀ 'ਚ ਮੌਜੂਦ ਸਨ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ | ਅੱਜ ਅਟਾਰੀ ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ ਵਾਹਗਾ ਸਰਹੱਦ 'ਤੇ ਹੋ ਰਹੀ ਰੀਟਰੀਟ ਸੈਰਾਮਨੀ ਦੇਖਣ ਜਾਣ ਵਾਲੇ ਸੈਲਾਨੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਕਿਸਾਨਾਂ ਨਾਲ ਗੱਲਬਾਤ ਕਰਨ ਲਈ ਡੀ. ਆਈ. ਜੀ. ਸੰਦੀਪ ਗੋਇਲ ਧਰਨੇ ਵਾਲੇ ਸਥਾਨ 'ਤੇ ਪਹੁੰਚੇ ਕਿਸਾਨਾਂ ਨਾਲ ਗੱਲਬਾਤ ਕਰਕੇ ਅੰਮਿ੍ਤਸਰ ਅਟਾਰੀ ਹਾਈਵੇ 'ਤੇ ਫਸੇ ਹਜ਼ਾਰਾਂ ਸੈਲਾਨੀਆਂ ਨੂੰ ਭੀੜ ਵਿਚੋਂ ਗੱਡੀਆਂ ਕੱਢ ਕੇ ਰਾਹਤ ਦਵਾਈ | ਕਿਸਾਨ ਆਗੂ ਕਾਬਲ ਸਿੰਘ ਮਹਾਵਾ ਅਤੇ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਉਹ ਸੜਕ ਦੇ ਪਾਸੇ ਧਰਨਾ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦੇ ਰਹੇ ਸਨ | ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਸਨ ਪਰ ਪ੍ਰਸ਼ਾਸਨ ਵਲੋਂ ਮਿਲਨ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਸਰਕਾਰ ਦੇ ਕੰਨਾਂ 'ਤੇ ਆਵਾਜ਼ ਪਹੁੰਚਾਉਣ ਲਈ ਧਰਨਾ ਦਿੱਤਾ ਗਿਆ ਹੈ |