ਅੰਮਿ੍ਤਸਰ, 19 ਅਪ੍ਰੈਲ (ਹਰਮਿੰਦਰ ਸਿੰਘ, ਸੁਰਿੰਦਰਪਾਲ ਸਿੰਘ ਵਰਪਾਲ, ਸੁਰਿੰਦਰ ਕੋਛੜ, ਰਾਜੇਸ਼ ਕੁਮਾਰ)-ਅੱਜ ਦਾ ਪ੍ਰੈੱਸ ਕਲੱਬ ਆਫ਼ ਅੰਮਿ੍ਤਸਰ ਦੀ ਅਮਨ-ਅਮਾਨ ਨਾਲ ਸੰਪੰਨ ਹੋਈ ਚੋਣ ਦੌਰਾਨ ਅਦਾਰਾ 'ਅਜੀਤ' ਦੀ ਹਮਾਇਤ ਪ੍ਰਾਪਤ ਰਜੇਸ਼ ਗਿੱਲ ਧੜੇ ਨੇ ਆਪਣੇ ਵਿਰੋਧੀਆਂ ਨੂੰ ਮਾਤ ਦਿੰਦੇ ਹੋਏ ਹੂੰਝਾ ਫੇਰ ਜਿੱਤ ਹਾਸਿਲ ਕੀਤੀ ਹੈ | ਇਸ ਚੋਣ ਦੌਰਾਨ ਰਾਜੇਸ਼ ਗਿੱਲ ਜਿਥੇ ਲਗਾਤਾਰ ਤੀਜੀ ਵਾਰ ਪ੍ਰੈੱਸ ਕਲੱਬ ਦੇ ਪ੍ਰਧਾਨ ਚੁਣੇ ਗਏ ਉਥੇ ਹੀ ਇਸ ਧੜੇ ਨਾਲ ਸੰੰਬੰਧਿਤ ਰੇਸ਼ਮ ਸਿੰਘ (ਅਜੀਤ) ਜਨ: ਸਕੱਤਰ, ਵਿਪਨ ਰਾਣਾ (ਦੈਨਿਕ ਜਾਗਰਣ) ਸੀਨੀ: ਮੀਤ ਪ੍ਰਧਾਨ, ਵਿਕਰਮ ਸ਼ਰਮਾ (ਦੈਨਿਕ ਭਾਸਕਰ) ਮੀਤ ਪ੍ਰਧਾਨ, ਰਾਜਿੰਦਰ ਸਿੰਘ ਰੂਬੀ (ਅਜੀਤ) ਸਕੱਤਰ, ਰਮਨ ਸ਼ਰਮਾ (ਜਗਬਾਣੀ) ਖਜ਼ਾਨਚੀ, ਹਰਮੀਤ ਸਿੰਘ (ਡੇਲੀ ਪੋਸਟ) ਸੰਯੁਕਤ ਸਕੱਤਰ ਚੁਣੇ ਗਏ ਉਪਰੰਤ ਇਸ ਨਵੀਂ ਚੁਣੀ ਗਈ ਟੀਮ ਵਲੋਂ ਤੁਰੰਤ ਪ੍ਰਭਾਵ ਨਾਲ ਹੀ ਸੀਨੀਅਰ ਪੱਤਰਕਾਰ ਅਦਾਰਾ 'ਅਜੀਤ' ਦੇ ਜਿਲ੍ਹਾ ਇੰਚਾਰਜ਼ ਸਜਸਵੰਤ ਸਿੰਘ ਜੱਸ ਨੂੰ ਸਰਬਸੰਮਤੀ ਨਾਲ ਅੰਮਿ੍ਤਸਰ ਪ੍ਰੈੱਸ ਕਲੱਬ ਦਾ ਸਰਪ੍ਰਸਤ ਬਣਾਇਆ ਗਿਆ | ਇਸ ਦੌਰਾਨ ਜੇਤੂ ਦੇ ਸਮਰਥਕਾਂ ਵਲੋਂ ਲੱਡੂ ਵੰਡੇ ਗਏ ਅਤੇ ਢੋਲ ਦੀ ਥਾਪ 'ਤੇ ਭੰਗੜੇ ਪਾ ਕੇ ਜਸ਼ਨ ਮਨਾਏ ਗਏ | ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਐੱਸ. ਡੀ. ਐੱਮ-1 ਅਲਕਾ ਕਾਲੀਆ ਦੀ ਨਿਗਰਾਨੀ ਹੇਠ ਡੀ. ਪੀ. ਆਰ. ਓ. ਇੰਦਰਜੀਤ ਸਿੰਘ ਤੇ ਏ. ਡੀ. ਪੀ. ਆਰ. ਓ. ਯੋਗੇਸ਼ ਕੁਮਾਰ ਦੇ ਯੋਗ ਪ੍ਰਬੰਧਾਂ ਨਾਲ ਪ੍ਰੈੱਸ ਕਲੱਬ ਦੀਆਂ ਵੋਟਾਂ ਦਾ ਕੰਮ ਸਵੇਰੇ 9 ਵਜੇ ਸ਼ੁਰੂ ਹੋਇਆ, ਜਿਸ 'ਚ ਵੱਖ-ਵੱਖ ਅਹੁੱਦਿਆਂ 'ਤੇ ਕੁੱਲ 19 ਉਮੀਦਵਾਰ ਚੋਣ ਮੈਦਾਨ 'ਚ ਸਨ | ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਹੇਠ ਸ਼ਾਮ 4 ਵਜੇ ਤੱਕ ਹੋਈ ਇਸ ਵੋਟ ਪ੍ਰਕਿਰਿਆ 'ਚ ਕੁੱਲ 428 ਵੋਟਾਂ 'ਚੋਂ 402 ਵੋਟਾਂ ਪੋਲ ਹੋਈਆਂ | ਚੋਣ ਅਮਲੇ ਵਲੋਂ ਜਾਰੀ ਕੀਤੇ ਨਤੀਜਿਆਂ 'ਚ 'ਚੜਦਾ ਸੂਰਜ' ਚੋਣ ਨਿਸ਼ਾਨ 'ਤੇ ਦੇ ਚੋਣ ਲੜ੍ਹ ਰਹੇ ਪ੍ਰਧਾਨ ਰਾਜੇਸ ਗਿੱਲ ਨੂੰ 199 ਵੋਟਾਂ ਹਾਸਿਲ ਹੋਈਆਂ ਜਦਕਿ ਉਨ੍ਹਾਂ ਦੇ ਮੁਕਾਬਲੇ 'ਚ ਜਸਬੀਰ ਸਿੰਘ ਪੱਟੀ 135 ਵੋਟਾਂ ਤੱਕ ਹੀ ਸੀਮਿਤ ਰਹੇ, ਜਿਸ ਨਾਲ ਰਾਜੇਸ਼ ਗਿੱਲ ਨੂੰ 64 ਵੋਟਾਂ ਨਾਲ ਜੇਤੂ ਐਲਾਨਿਆ ਗਿਆ |
ਇਸ ਦੌਰਾਨ ਪ੍ਰਧਾਨ ਦੀ ਚੋਣ ਲੜ ਰਹੇ ਕਮਲ ਪਹਿਲਵਾਨ ਨੂੰ ਕੇਵਲ 41 ਅਤੇ ਰਣਜੀਤ ਸਿੰਘ ਮਸੌਣ ਨੂੰ 21 ਵੋਟਾਂ ਹੀ ਹਾਸਿਲ ਹੋਈਆਂ | ਇਸ ਤੋਂ ਇਲਾਵਾ ਜਨ: ਸਕੱਤਰ ਦੇ ਅਹੁਦੇ ਲਈ ਰੇਸ਼ਮ ਸਿੰਘ ਨੇ 226 ਵੋਟਾਂ ਹਾਸਿਲ ਕਰਕੇ ਆਪਣੇ ਵਿਰੋਧੀ ਰਾਜੇਸ਼ ਸ਼ਰਮਾ ਨੂੰ 91 ਵੋਟਾਂ ਨਾਲ ਹਰਾਇਆ, ਜਦਕਿ ਜੋਗਾ ਸਿੰਘ ਨੂੰ ਕੇਵਲ 30 ਵੋਟਾਂ ਹੀ ਮਿਲੀਆਂ | ਸੀਨੀਅਰ ਮੀਤ ਪ੍ਰਧਾਨ ਦੇ ਉਮਦੀਵਾਰ ਵਿਪਨ ਰਾਣਾ ਨੂੰ 219 ਵੋਟਾਂ ਅਤੇ ਉਨ੍ਹਾਂ ਦੇ ਵਿਰੋਧੀ ਮਮਤਾ ਦੇਵਗਨ ਨੂੰ 137 ਅਤੇ ਰਮੇਸ਼ ਰਾਮਪੁਰਾ ਨੂੰ 32 ਵੋਟਾਂ ਹਾਸਿਲ ਹੋਈਆਂ | ਜੂਨੀਅਰ ਮੀਤ ਪ੍ਰਧਾਨ ਵਜੋਂ ਵਿਕਰਮ ਸ਼ਰਮਾ ਨੇ 232 ਵੋਟਾਂ ਹਾਸਿਲ ਕਰਕੇ ਆਪਣੇ ਵਿਰੋਧੀ ਪਿ੍ਤਪਾਲ ਸਿੰਘ ਨੂੰ 75 ਵੋਟਾਂ ਨਾਲ, ਸਕੱਤਰ ਰਾਜਿੰਦਰ ਸਿੰਘ ਰੂਬੀ ਨੇ ਆਪਣੇ ਵਿਰੋਧੀ ਵਿਸ਼ਾਲ ਸ਼ਰਮਾ ਨੂੰ 63 ਵੋਟਾਂ ਨਾਲ, ਖਜ਼ਾਨਚੀ ਰਮਨ ਸ਼ਰਮਾ ਨੇ 237 ਵੋਟਾਂ ਹਾਸਿਲ ਕਰਕੇ ਆਪਣੇ ਵਿਰੋਧੀ ਹਰੀਸ਼ ਸ਼ਰਮਾ ਨੂੰ 110 ਵੋਟਾਂ ਨਾਲ ਹਰਾਇਆ | ਸੰਯੁਕਤ ਸਕੱਤਰ ਦੀ ਚੋਣ 'ਚ ਹਰਮੀਤ ਸਿੰਘ ਨੇ 231 ਵੋਟਾਂ ਹਾਸਿਲ ਕਰਕੇ ਆਪਣੇ ਵਿਰੋਧੀ ਜੋਤੀ ਬਹਿਲ ਨੂੰ 77 ਵੋਟਾਂ ਨਾਲ ਮਾਤ ਦਿੱਤੀ | ਇਸ ਮੌਕੇ ਜੇਤੂ ਉਮੀਦਵਾਰਾਂ ਨੂੰ ਐੱਸ. ਡੀ. ਐੱਮ-1 ਅਲਕਾ ਕਾਲੀਆ ਵਲੋਂ ਸਰਟੀਫਕੇਟ ਤਕਸੀਮ ਕੀਤੇ ਗਏ | ਇਸ ਦੌਰਾਨ ਚੁਣੇ ਹੋਏ ਸਮੂਹ ਅਹੁੱਦੇਦਾਰਾਂ ਵਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਰਬਸੰਮਤੀ ਨਾਲ ਅਦਾਰਾ 'ਅਜੀਤ' ਦੇ ਅੰਮਿ੍ਤਸਰ ਉਪ ਦਫ਼ਤਰ ਦੇ ਇੰਚਾਰਜ਼ ਸ: ਜਸਵੰਤ ਸਿੰਘ ਜੱਸ ਨੂੰ ਪ੍ਰੈੱਸ ਕਲੱਬ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ | ਇਸ ਦੌਰਾਨ ਸਮੂਹ ਅਹੁਦੇਦਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪ੍ਰੈਸ ਕਲੱਬ ਅਤੇ ਪੱਤਰਕਾਰ ਭਾਈਚਾਰੇ ਦੀ ਬਿਹਤਰੀ ਲਈ ਵਚਨਬੱਧ ਹਨ ਅਤੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾ |
'ਅਜੀਤ' ਦੀ ਹਮਾਇਤ ਨਾਲ 'ਦਾ ਪ੍ਰੈੱਸ ਕਲੱਬ ਆਫ਼ ਅੰਮਿ੍ਤਸਰ' 'ਤੇ ਗਿੱਲ ਧੜੇ ਦੀ ਹੂੰਝਾਫੇਰ ਜਿੱਤ
ਅਜੀਤ ਡੈਸਕ
20-04-2026