ਅੰਮਿ੍ਤਸਰ, 19 ਅਪ੍ਰੈਲ (ਸੁਰਿੰਦਰ ਕੋਛੜ)-ਸਥਾਨਕ ਹਾਲ ਗੇਟ ਤੋਂ ਗੋਲ ਬਾਗ, ਸ੍ਰੀ ਦੁਰਗਿਆਣਾ ਮੰਦਰ, ਕਿਲ੍ਹਾ ਗੋਬਿੰਦਗੜ੍ਹ, ਪੁਤਲੀਘਰ, ਇਸਲਾਮਾਬਾਦ ਤੇ ਹੋਰਨਾ ਆਬਾਦੀਆਂ ਸਮੇਤ ਭੰਡਾਰੀ ਪੁਲ ਵਲ ਨੂੰ ਜਾਂਦੀ ਲਿੰਕ ਰੋਡ ਅਤੇ ਪੁਲ ਵਲੋਂ ਰੇਲਵੇ ਸਟੇਸ਼ਨ ਵਲ ਨੂੰ ਜਾਂਦੀ ਲਿੰਕ ਰੋਡ 'ਤੇ ਪਿਛਲੇ ਕਈ ਵਰਿ੍ਹਆਂ ਤੋਂ ਵੱਡੇ ਅਤੇ ਡੂੰਘੇ ਟੋਏ ਪਏ ਹੋਏ ਹਨ | ਜਿਥੇ ਇਨ੍ਹਾਂ ਟੋਇਆਂ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਉਥੇ ਹੀ ਰੋਜ਼ਾਨਾ ਕੋਈ ਨਾ ਕੋਈ ਸੜਕ ਹਾਦਸਾ ਵੀ ਵਾਪਰ ਰਿਹਾ ਹੈ | ਇਨ੍ਹਾਂ ਦੋਵਾਂ ਲਿੰਕ ਸੜਕਾਂ 'ਤੇ 100 ਤੋਂ ਵਧੇਰੇ ਸਪੇਅਰ ਪਾਰਟਜ਼, ਟਰਾਂਸਪੋਰਟ, ਖਾਣ-ਪੀਣ ਵਾਲੀਆਂ ਦੁਕਾਨਾਂ ਤੇ ਧਾਰਮਿਕ ਅਸਥਾਨ ਮੌਜੂਦ ਹਨ | ਇਥੋਂ ਦੇ ਦੁਕਾਨਦਾਰਾਂ ਤੇ ਰਾਹਗੀਰਾਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਰਸਾਤ ਦੇ ਦਿਨਾਂ 'ਚ ਇਨ੍ਹਾਂ ਸੜਕਾਂ 'ਤੇ ਗੰਦਾ ਬਰਸਾਤੀ ਪਾਣੀ ਠਹਿਰਨ ਕਰਕੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਜਾਂਦੇ ਹਨ ਅਤੇ ਮਲੇਰੀਆ, ਡੇਂਗੂ ਸਮੇਤ ਕਈ ਹੋਰ ਬਿਮਾਰੀਆਂ ਦੇ ਫ਼ੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਰੇਲਵੇ ਲਿੰਕ ਰੋਡ ਵਲੋਂ ਯਾਤਰੂਆਂ ਨੂੰ ਸਟੇਸ਼ਨ ਵਲ ਲੈ ਕੇ ਜਾਣ ਵਾਲੇ ਆਟੋ-ਰਿਕਸ਼ਾ ਤੇ ਈ-ਰਿਕਸ਼ਾ ਸਵਾਰੀਆਂ ਅਤੇ ਸਾਮਾਨ ਸਮੇਤ ਇਨ੍ਹਾਂ ਟੋਇਆਂ ਕਾਰਨ ਅਕਸਰ ਉਲਟ ਜਾਂਦੇ ਹਨ ਅਤੇ ਕਈ ਵਾਰ ਸਵਾਰੀਆਂ ਨੂੰ ਗੰਭੀਰ ਸੱਟਾਂ ਵੀ ਲੱਗ ਜਾਂਦੀਆਂ ਹਨ | ਦੂਜੇ ਪਾਸੇ, ਕਸ਼ਮੀਰ ਐਵੇਨਿਊ ਅਤੇ ਗੋਪਾਲ ਮੰਦਰ ਵਲੋਂ ਸ਼ਹਿਰ ਦੀਆਂ ਵੱਖ-ਵੱਖ ਆਬਾਦੀਆਂ ਸਮੇਤ ਬਾਈਪਾਸ ਵਲ ਜਾਣ ਵਾਲੀ ਮੁੱਖ ਸੜਕ ਬਣ ਚੁਕੀ ਲਿੰਕ ਰੋਡ 'ਤੇ ਦੁਕਾਨਦਾਰਾਂ ਦੇ ਨਾਜਾਇਜ਼ ਕਬਜ਼ਿਆਂ ਅਤੇ ਸੜਕ ਦੇ ਦੋਵੇਂ ਪਾਸੇ ਪਏ ਟੋਇਆਂ ਕਾਰਨ ਇੱਥੇ ਰੋਜ਼ਾਨਾ ਘੰਟਿਆਂ ਬੱਧੀ ਜਾਮ ਲੱਗਾ ਰਹਿੰਦਾ ਹੈ ਅਤੇ ਸੜਕ ਦੁਰਘਟਨਾਵਾਂ ਵੀ ਹੁੰਦੀਆਂ ਰਹਿੰਦੀਆਂ ਹਨ | ਦੁਪਹਿਰ ਨੂੰ ਸਕੂਲੀ ਬੱਚਿਆਂ ਦੀ ਛੁੱਟੀ ਸਮੇਂ ਵਾਹਨਾਂ ਦੀ ਗਿਣਤੀ ਵਧਣ ਕਰਕੇ ਅਤੇ ਰਾਤ ਨੂੰ ਹਨੇਰੇ 'ਚ ਹਾਦਸੇ ਵਾਪਰਨ ਦਾ ਖ਼ਦਸ਼ਾ ਹੋਰ ਵੀ ਵੱਧ ਜਾਂਦਾ ਹੈ | ਇਲਾਕਾ ਨਿਵਾਸੀਆਂ ਨੇ ਕਿਹਾ ਕਿ ਇਹ ਟੋਏ ਵਾਹਨਾਂ ਲਈ ਸਪੀਡ ਬਰੇਕਰ ਦਾ ਕੰਮ ਕਰ ਰਹੇ ਹਨ ਅਤੇ ਥੋੜੀ-ਥੋੜੀ ਦੂਰੀ 'ਤੇ ਮੌਜੂਦ ਟੋਇਆਂ ਕਾਰਨ ਵਾਹਨਾਂ ਨੂੰ ਰਫ਼ਤਾਰ ਘੱਟ ਕਰਨ ਲਈ ਬਰੇਕਾਂ ਲਗਾਉਣੀਆਂ ਪੈ ਰਹੀਆਂ ਹਨ | ਇਸ ਤੋਂ ਇਲਾਵਾ ਸੜਕ 'ਤੇ ਦੋਵੇਂ ਪਾਸੇ ਪਏ ਵੱਡੇ-ਵੱਡੇ ਟੋਇਆਂ ਕਾਰਨ ਦਿਨ ਭਰ ਧੂੜ ਵੀ ਉੱਡਦੀ ਰਹਿੰਦੀ ਹੈ | ਜਿਸ ਕਾਰਨ ਇੱਥੋਂ ਨਿਕਲਣ ਵਾਲੇ ਦੋ ਪਹੀਆ, ਆਟੋ ਅਤੇ ਈ-ਰਿਕਸ਼ਾ ਚਾਲਕਾਂ ਅਤੇ ਪੈਦਲ ਚੱਲਣ ਵਾਲਿਆਂ ਨੂੰ ਮੂੰਹ 'ਤੇ ਕੱਪੜਾ ਬੰਨ੍ਹ ਕੇ ਨਿਕਲਣਾ ਪੈ ਰਿਹਾ ਹੈ |
ਸ਼ਹਿਰ ਦੀਆਂ ਲਿੰਕ ਸੜਕਾਂ ਦੀ ਹਾਲਤ ਹੋਈ ਖ਼ਸਤਾ, ਡੂੰਘੇ ਟੋਏ ਸੜਕ ਹਾਦਸਿਆਂ ਨੂੰ ਦੇ ਰਹੇ ਸੱਦਾ <br/>
ਅਜੀਤ ਡੈਸਕ
20-04-2026