ਅੰਮਿ੍ਤਸਰ/ਸੁਲਤਾਨਵਿੰਡ 25 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ/ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ ਤੋਂ ਤਰਨ ਤਾਰਨ ਨੂੰ ਜਾਂਦੇ ਮਾਰਗ 'ਤੇ ਸਥਿਤ ਚਾਟੀਵਿੰਡ ਨਹਿਰ ਫਲਾਈਓਵਰ 'ਤੇ ਬਣੇ 'ਜੋੜ' ਇੰਨੀ ਦਿਨੀਂ ਰਾਹਗੀਰਾਂ ਲਈ ਜਾਨ ਦਾ ਖੌਅ ਬਣੇ ਹੋਏ ਹਨ | ਪਿਛਲ਼ੇ ਦਿਨੀਂ ਗੁਰਦੁੁਆਰਾ ਸ਼ਹੀਦਾਂ ਸਾਹਿਬ ਚਾਟੀਵਿੰਡ ਗੇਟ ਤੋਂ ਗੁਰੂਵਾਲੀ ਪਿੰਡ ਤੱਕ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ, ਜਿਸ ਦੇ ਤਹਿਤ ਇਸ ਸੜਕ 'ਤੇ ਪਹਿਲਾਂ ਪੁਰਾਣੇ ਨੂੰ ਹਟਾ ਕੇ ਫਿਰ ਨਵਾਂ ਪ੍ਰੀਮਿਕਸ ਪਾਇਆ ਜਾ ਰਿਹਾ ਹੈ, ਜਿਸ 'ਚ ਵੱਡੀਆਂ ਖਾਮੀਆਂ ਸਾਹਮਣੇ ਆ ਰਹੀਆਂ ਹਨ ਕਿਉਂਕਿ ਉਕਤ ਫਲਾਈਓਵਰ 'ਤੇ ਬਣੇ ਜੋੜਾਂ ਦੇ ਬਰਾਬਰ ਪ੍ਰੀਮਿਕਸ ਪਾਉਣ ਦੀ ਬਜਾਏ ਇੱਥੇ ਕਾਫੀ ਮੋਟਾਈ 'ਚ ਪ੍ਰੀਮਿਕਸ ਪਾਇਆ ਜਾ ਰਿਹਾ ਹੈ, ਜਿਸ ਦਾ ਨਤੀਜਾ ਇਹ ਸਾਹਮਣੇ ਆ ਰਿਹਾ ਹੈ ਕਿ ਫਲਾਈਓਵਰ 'ਤੇ ਬਣੇ ਜੋੜ 'ਖਾਹਲੀਆਂ' ਵਾਂਗ ਡੂੰਘੇ ਰਹਿ ਗਏ ਹਨ | ਜੋ ਖਾਸ ਕਰਕੇ 2 ਪਹੀਆ ਵਾਹਨਾਂ, ਈ ਰਿਕਸ਼ਿਆਂ ਅਤੇ ਆਟੋਜ਼ 'ਤੇ ਸਫਰ ਕਰਨ ਵਾਲੇ ਰਾਹਗੀਰਾਂ ਅਤੇ ਡਰਾਈਵਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਨ੍ਹਾਂ ਡੂੰਘੇ ਜੋੜਾਂ ਕਾਰਨ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕ ਸਰਵਾਈਕਲ ਅਤੇ ਪਿੱਠ ਦਰਦ ਆਦਿ ਵਰਗੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ | ਇੰਨਾ ਹੀ ਨਹੀਂ, ਇਨ੍ਹਾਂ ਪੁੱਠੇ ਸਪੀਡ ਬ੍ਰੇਕਰਾਂ ਕਾਰਨ ਹਾਦਸੇ ਵੀ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ | ਫਲਾਈਓਵਰ ਦੇ ਇਨ੍ਹਾਂ ਜੋੜਾਂ ਦੀ ਇਹ ਹਾਲਾਤ ਦੇਖ ਦੇ ਇਵੇਂ ਮਹਿਸੂਸ ਹੁੰਦਾ ਹੈ ਕਿ ਸੜਕ 'ਤੇ ਜੋੜ ਨਹੀਂ ਬਲਕਿ ਡੂੰਘੇ ਜੋੜਾਂ 'ਚ ਸੜਕ ਬਣਾਈ ਹੋਈ ਹੈ, ਜਿਸ ਤੋਂ ਗੁਜ਼ਰਨ ਸਮੇਂ ਇਕ ਤਿੱਖਾ ਝਟਕਾ ਲੱਗਦਾ ਹੈ, ਇਸ ਨਾਲ ਵਾਹਨਾਂ ਦਾ ਨੁਕਸਾਨ ਤਾਂ ਹੁੰਦਾ ਹੀ ਹੈ ਨਾਲ ਹੀ ਵਾਹਨ 'ਤੇ ਸਫਰ ਕਰਨ ਵਾਲੇ ਵੀ ਬੁਰੀ ਤਰ੍ਹਾਂ ਹਿੱਲ ਜਾਂਦੇ ਹਨ, ਜਿਸ ਦਾ ਖਮਿਆਜਾ ਉਨ੍ਹਾਂ ਨੂੰ ਕਮਰ ਦਰਦ ਸਮੇਤ ਹੋਰਨਾਂ ਵੱਖ-ਵੱਖ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਭੁਗਤਣਾ ਪੈਂਦਾ ਹੈ | ਇਨ੍ਹਾਂ ਸਪੀਡ ਬ੍ਰੇਰਕਨੁਮਾ ਜੋੜਾਂ ਦੀ ਬਣਤਰ ਹੀ ਇਸ ਪ੍ਰਕਾਰ ਹੀ ਬਣੀ ਹੋਈ ਹੈ ਕਿ ਜਿੰਨਾ ਮਰਜੀ ਘੱਟ ਰਫਤਾਰ ਨਾਲ ਇਸ ਨੂੰ ਪਾਰ ਕਰੋ, ਇਸ ਦਾ ਮਾਰੂ ਝਟਕਾ ਲੱਗਦਾ ਹੀ ਲੱਗਦਾ ਹੈ | ਖਾਸ ਕਰਕੇ ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਨੂੰ ਇਸ ਕਾਰਨ ਸਭ ਤੋਂ ਵੱਧ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਥੇ ਹੀ ਬੱਸ ਨਾ ਰਹਿ ਕੇ ਇਸ ਮਾਰਗ ਦੀ ਮੁਰੰਮਤ ਦਾ ਕੰਮ ਪਿਛਲ਼ੇ ਕਈ ਦਿਨਾਂ ਤੋਂ ਬੰਦ ਪਿਆ ਹੈ | ਇਸ ਸੰਬੰਧੀ ਹਲਕਾ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਬਤ ਸੰਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਨਗੇ | ਉਨ੍ਹਾਂ ਕਿਹਾ ਕਿ ਸੜਕ ਨਿਰਮਾਣ 'ਚ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ ਅਤੇ ਇਹ ਸੜਕ ਲੋਕਾਂ ਲਈ ਅਰਾਮਦਾਇਕ ਹੋਣੀ ਚਾਹੀਦੀ ਹੈ ਨਾ ਕਿ ਪ੍ਰੇਸ਼ਾਨੀਆਂ ਦਾ ਸਬੱਬ | ਉਨ੍ਹਾਂ ਦੱਸਿਆ ਕਿ ਠੇਕੇਦਾਰ ਵਲੋਂ ਕੋਈ ਮਸ਼ੀਨਰੀ ਖ਼ਰਾਬ ਹੋਣ ਦਾ ਹਵਾਲਾ ਦੇ ਕੇ ਸੜਕ ਦਾ ਕੰਮ ਬੰਦ ਕੀਤਾ ਗਿਆ ਹੈ, ਜਿਸ ਨੂੰ ਜਲਦ ਸ਼ੁਰੂ ਕਰਵਾਇਆ ਜਾਵੇਗਾ |